ਯੈੱਸ ਪੰਜਾਬ
ਜਲੰਧਰ, 11 ਨਵੰਬਰ, 2024
ਗ਼ਦਰੀ ਬਾਬਿਆਂ ਦੇ ਮੇਲੇ ਦੀ ਸ਼ੁਰੂਆਤ ਵੇਲੇ ਸਿਰਫ਼ ‘ਪੰਜਾਬ ਬੁੱਕ ਸੈਂਟਰ’, ਲੋਕ-ਪੱਖੀ ਸਾਹਿਤ ਲੈ ਕੇ ਹਾਜ਼ਰ ਹੋਇਆ। ਦੂਜੇ ਵਰੇ੍ਹ ਲੈਨਿਨ ਕਿਤਾਬ ਘਰ ਮਹਿਲ ਕਲਾਂ ਦੇ ਸੰਚਾਲਕ ਮਰਹੂਮ ਪ੍ਰੀਤਮ ਸਿੰਘ ਅਪੰਗ ਹੋਣ ਦੇ ਬਾਵਜੂਦ ਦਿਮਾਗੀ ਤੌਰ ’ਤੇ ਐਨੇ ਚੇਤਨ ਸੀ ਉਹ ਮੇਲੇ ਵਿੱਚ ਕਿਤਾਬਾਂ ਦੀ ਮਹੱਤਤਾ ਨੂੰ ਸਮਝਦੇ ਹੋਏ ਬੁੱਕ ਸਟਾਲ ਲਾਉਣ ਲਈ ਇੱਕੋ ਬਾਂਹ ਨਾਲ ਮੋਢੇ ਲੱਦਿਆ ਕਿਤਾਬਾਂ ਦੇ ਬੈਗ ਲੈ ਕੇ ਆਏ। ਇਹ 33 ਵਰੇ੍ਹ ਪਹਿਲਾਂ ਦੀ ਕਹਾਣੀ, ਇਸ ਵਾਰ ਮੇਲੇ ਵਿੱਚ 100 ਬੁੱਕ ਸਟਾਲਾਂ ਤੱਕ ਪਹੁੰਚ ਗਈ। ਇਹਨਾਂ ਸਟਾਲਾਂ ’ਤੇ ਪੰਜਾਬੀ, ਉਰਦੂ, ਹਿੰਦੀ, ਸ਼ਾਹਮੁਖੀ ਅਤੇ ਅੰਗਰੇਜ਼ੀ ਦੀਆਂ ਕਿਤਾਬਾਂ ਸ਼ਾਮਲ ਸਨ।
ਇੱਕ ਸਰਵੇਖਣ ਮੁਤਾਬਕ ਲੱਗਭੱਗ 20 ਲੱਖ ਰੁਪਏ ਦੀਆਂ ਕਿਤਾਬਾਂ ਮੇਲੇ ਤੋਂ ਲੈ ਕੇ ਗਏ ਲੋਕਾਂ ਦਾ ਰੁਝਾਨ ਇਹ ਦਰਸਾਉਂਦਾ ਹੈ ਕਿ ਲੋਕ ਖੇਤੀ ਮੇਲਿਆਂ ਤੋਂ ਬੀਜ਼ ਅਤੇ ਰਵਾਇਤੀ ਮੇਲਿਆਂ ਤੋਂ ਮਠਿਆਈਆਂ ਲੈ ਕੇ ਆਉਣ ਵਾਂਗ ਕਿਤਾਬਾਂ ਦੇ ਵੀ ਝੋਲੇ ਭਰ ਕੇ ਲੈ ਕੇ ਗਏ ਹਨ।
ਮੇਲੇ ’ਚ ਜੁੜੇ ਲੋਕਾਂ ਨੇ ਇਤਿਹਾਸ, ਸਾਹਿਤ, ਸਭਿਆਚਾਰ, ਵਿਗਿਆਨ, ਕਲਾ, ਮਾਰਕਸੀ ਚਿੰਤਨ, ਕਾਰਪੋਰੇਟ, ਫ਼ਿਰਕੂ ਫਾਸ਼ੀ ਹੱਲੇ, ਪੰਜਾਬ ਦੀ ਨਾਬਰੀ ਦੀ ਪਰੰਪਰਾ ਮੇਸਣ ਖਿਲਾਫ਼ ਖ਼ਬਰਦਾਰ ਕਰਦੇ ਵਿਸ਼ਿਆਂ, ਤਰਕਸ਼ੀਲ, ਜਮਹੂਰੀ, ਲੋਕ ਨਾਇਕਾਂ, ਗੀਤਾਂ, ਰੰਗ ਮੰਚ, ਗ਼ਦਰੀ ਦੇਸ਼ ਭਗਤਾਂ, ਆਦਿਵਾਸੀਆਂ ਦੇ ਉਜਾੜੇ, ਪਰਵਾਸ, ਫ਼ਲਸਤੀਨ ਦੇ ਨਸਲਘਾਤ, ਬੁੱਧੀਜੀਵੀਆਂ ਉਪਰ ਦਹਿਸ਼ਤਵਾਦੀ ਹੋਣ ਦੇ ਸੋਚੇ ਸਮਝੇ ਠੱਪੇ ਮੜ੍ਹਨ, ਔਰਤਾਂ ’ਤੇ ਜ਼ਬਰ ਬਾਰੇ ਵਿਸ਼ਿਆਂ ਨਾਲ ਜੁੜੀਆਂ ਪੁਸਤਕਾਂ ’ਚ ਵਿਸ਼ੇਸ਼ ਦਿਲਚਸਪੀ ਲਈ।
ਇਹ ਵੀ ਵਰਨਣਯੋਗ ਹੈ ਕਿ ਆਰ.ਐਸ.ਐਸ. ਵਰਗੀਆਂ ਸੰਸਥਾਵਾਂ ਦੇ ਭਵਿੱਖ਼ ਵਿੱਚ ਸਾਹਮਣੇ ਆਉਣ ਵਾਲੇ ਅੱਤ ਦਰਜੇ ਦੇ ਖ਼ਤਰਨਾਕ ਮਨਸੂਬਿਆਂ ਬਾਰੇ ਜਾਗਰੂਕ ਕਰਦਾ, ਹਰ ਵੰਨਗੀ ਦੇ ਲੱਚਰ, ਅਸ਼ਲੀਲ, ਬਿਮਾਰ ਚੱਕਵੇਂ ਸਾਹਿਤ ਨੂੰ ਰੱਦ ਕਰਦਾ ਰੁਝਾਨ ਪੁਸਤਕ ਮੇਲੇ ’ਚ ਸਾਹਮਣੇ ਆਉਣਾ ਸੁਲੱਖਣਾ ਵਰਤਾਰਾ ਹੈ।
ਅਜੇਹੇ ਗਾਇਕ ਜਿਨ੍ਹਾਂ ਨੇ ਚੜ੍ਹਦੀ ਜੁਆਨੀ ਦੀ ਮੱਤ ਮਾਰਨ ਲਈ ਹਲਕੀ ਅਤੇ ਹਥਿਆਰਾਂ ਨਾਲ ਭਰੀ ਗਾਇਕੀ ਪਰੋਸੀ ਉਹਨਾਂ ਨੂੰ ਇਸ ਪੁਸਤਕ ਮੇਲੇ ਨੇ ਬੁਰੀ ਤਰ੍ਹਾਂ ਰੱਦ ਕਰਨ ਦੇ ਰੁਝਾਨਾਂ ਦੇ ਝਲਕਾਰੇ ਦਿੱਤੇ ਹਨ।
ਪੰਜਾਬ ਅੰਦਰ ਪਰਵਾਸ ਹੰਢਾ ਰਹੀ ਅਤੇ ਆਪਣੇ ਜੀਵਨ ਦੇ ਭਵਿੱਖ ਲਈ ਜੂਝਦੀ ਜੁਆਨੀ, ਇਸ ਧਰਤੀ ਦੀਆਂ ਔਰਤਾਂ, ਸਨਅਤੀ ਕਾਮਿਆਂ, ਕਿਸਾਨਾਂ, ਰੰਗ-ਕਰਮੀਆਂ, ਬੁੱਧੀਜੀਵੀਆਂ, ਇਤਿਹਾਸਕਾਰਾਂ ਨੂੰ ਪੁਸਤਕ ਮੇਲਾ ਪੈਗ਼ਾਮ ਦੇ ਰਿਹਾ ਸੀ ਕਿ ਅਜੇ ਵੀ ਵੇਲਾ ਹੈ ਸਾਹਿਤ ਦੀ ਰੌਸ਼ਨੀ ਵਿੱਚ ਨਵੇਂ ਰਾਹ ਸਿਰਜਣਾ ਹੀ ਜ਼ਿੰਦਗੀ ਦਾ ਸਹੀ ਮਾਰਗ ਹੈ। ਇਹ ਮਾਰਗ ਪੁਸਤਕ ਮੇਲੇ ’ਚ ਬੁਲੰਦ ਆਵਾਜ਼ ਵਿੱਚ ਬੋਲਦਾ ਸੁਣਿਆ ਗਿਆ ਕਿ ‘‘ਪਾਣੀ ਹੁਣ ਪੁੱਛਣ ਸਾਨੂੰ, ਡੁੱਬਣਾ ਕਿ ਤਰਨਾ ਏਂ।’’
ਪੰਜਾਬ, ਹਰਿਆਣਾ, ਦਿੱਲੀ ਤੱਕ ਦੀਆਂ ਆਹਲਾ ਦਰਜੇ ਦੀਆਂ ਕਿਤਾਬਾਂ, ਪੋਸਟਰਾਂ ’ਚ ਜ਼ਿਕਰਯੋਗ ਪੱਖ ਸਾਹਮਣੇ ਆਇਆ ਹੈ ਕਿ ਲੋਕਾਂ ਨੂੰ ਮੁਕਤੀ ਦਾ ਮਾਰਗ ਹੁਣ ਵਿਗਿਆਨਕ ਮਾਰਕਸੀ ਫ਼ਲਸਫ਼ੇ ਵਿੱਚ ਪਹਿਲਾਂ ਨਾਲੋਂ ਵਧੇਰੇ ਦਿਖਾਈ ਦੇਣ ਲੱਗਿਆ ਹੈ।
ਕੁੱਝ ਨਵੇਂ ਰੁਝਾਨ ਵੀ ਸਾਹਮਣੇ ਆਏ ਹਨ ਕਿ ਅਜੇਹਾ ਕੁੱਝ ਵੀ ਪੁਸਤਕਾਂ ਵਿੱਚ ਜ਼ੋਰ ਫੜਨ ਦਾ ਯਤਨ ਕਰ ਰਿਹੈ, ਜਿਹੜਾ ਸੇਧ ਵਿਹੁਣਾ, ਵਿਚਾਰ-ਵਿਹੁਣਾ ਹੈ ਅਤੇ ਓਪਰੀ ਸਤਹ ਦੀਆਂ ਗੱਲਾਂ ਕਰਕੇ ਜੁਆਨੀ ਨੂੰ ਕਲਾਵੇ ਵਿੱਚ ਲੈਣ ਲਈ ਯਤਨਸ਼ੀਲ ਹੈ।
ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪੁਸਤਕ ਮੇਲੇ ਸਬੰਧੀ ਇਹ ਜਾਣਕਾਰੀ ਪੁਸਤਕ ਪ੍ਰਦਰਸ਼ਨੀ ਕਮੇਟੀ ਦੇ ਕਨਵੀਨਰ ਰਮਿੰਦਰ ਪਟਿਆਲਾ, ਕੇਸਰ ਸਿੰਘ, ਹਰਮੇਸ਼ ਮਾਲੜੀ ਅਤੇ ਸਬ-ਕਮੇਟੀ ਦੇ ਕਨਵੀਨਰ ਦੀਪ ਦਿਲਬਰ ਤੋਂ ਇਲਾਵਾ ਵੱਖ-ਵੱਖ ਪੁਸਤਕ ਸਟਾਲਾਂ ਦੇ ਸੰਚਾਲਕਾਂ ਦੇ ਅਨੁਭਵਾਂ ਅਤੇ ਜਾਣਕਾਰੀ ਦੇ ਆਧਾਰ ’ਤੇ ਪ੍ਰੈਸ ਨਾਲ ਸਾਂਝੀ ਕੀਤੀ।