ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਸਤੰਬਰ 18, 2024:
ਪ੍ਰਮੁੱਖ ਰਾਜ ਪੈਨਸਿਲਵਾਨੀਆ ਤੇ ਰਾਜ ਦੀਆਂ ਦੋ ਅਹਿਮ ਕਾਊਂਟੀਆਂ ਵਿਚ ਕੀਤੇ ਸਰਵੇ ਵਿੱਚ ਰਾਸ਼ਟਰਪਤੀ ਅਹੁੱਦੇ ਲਈ ਡੈਮੋਕਰੈਟਿਕ ਉਮੀਦਵਾਰ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਰਿਪਬਲੀਕਨ ਉਮੀਦਵਾਰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨਾਲੋਂ ਅੱਗੇ ਹੈ ਹਾਲਾਂ ਕਿ ਇਹ ਫਰਕ ਜਿਆਦਾ ਨਹੀਂ ਹੈ।
ਇਹ ਸਰਵੇ ਪਿਛਲੇ ਹਫਤੇ ਦੋਨਾਂ ਉਮੀਦਵਾਰਾਂ ਵਿਚਾਲੇ ਹੋਈ ਬਹਿਸ ਤੋਂ ਬਾਅਦ ਯੂ ਐਸ ਏ ਟੂਡੇਅ ਤੇ ਸੁਫੋਲਕ ਯੁਨੀਵਰਸਿਟੀ ਦੁਆਰਾ ਕੀਤਾ ਗਿਆ ਹੈ।
ਪਿਛਲੇ ਹਫਤੇ ਬੁੱਧਵਾਰ ਤੋਂ ਐਤਵਾਰ ਤੱਕ ਪੈਨਸਿਲਵਾਨੀਆ ਵਿਚ ਕੀਤੇ ਸਰਵੇ ਜਿਸ ਵਿਚ 500 ਸੰਭਾਵੀ ਵੋਟਰਾਂ ਨੂੰ ਸ਼ਾਮਿਲ ਕੀਤਾ ਗਿਆ, ਅਨੁਸਾਰ ਕਮਲਾ ਹੈਰਿਸ ਦਾ 49 % ਵੋਟਰਾਂ ਨੇ ਸਮਰਥਨ ਕੀਤਾ ਹੈ ਜਦ ਕਿ46% ਵੋਟਰ ਡੋਨਾਲਡ ਟਰੰਪ ਦੇ ਹੱਕ ਵਿਚ ਹਨ।
ਸਰਵੇ ਵਿਚ 4.4% ਤੱਕ ਗਲਤੀ ਦੀ ਸੰਭਾਵਨਾ ਰਖੀ ਗਈ ਹੈ। ਪੈਨਸਿਲਵਾਨੀਆ 2024 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਅਹਿਮ ਰਾਜ ਮੰਨਿਆ ਜਾ ਰਿਹਾ ਹੈ ਤੇ 270 ਇਲੈਕਟੋਰਲ ਵੋਟਾਂ ਲੈਣ ਲਈ ਪੈਨਸਿਲਵਾਨੀਆ ਦੇ 19 ਇਲੈਕਟੋਰਲ ਵੋਟਾਂ ਦੀ ਵੱਡੀ ਮਹੱਤਤਾ ਹੈ। ਬਦਲਾਅ ਲਿਆਉਣ ਵਾਲੇ ਚੋਟੀ ਦੇ 7 ਰਾਜਾਂ ਵਿਚ ਪੈਨਸਿਲਵਾਨੀਆ ਸਭ ਤੋਂ ਉਪਰ ਹੈ।
ਸਰਵੇ ਵਿਚ ਸਪੱਸ਼ਟ ਹੋਇਆ ਹੈ ਕਿ 56% ਔਰਤਾਂ ਕਮਲਾ ਹੈਰਿਸ ਦੇ ਹੱਕ ਵਿਚ ਹਨ ਜਦ ਕਿ 39% ਟਰੰਪ ਨੂੰ ਪਸੰਦ ਕਰਦੀਆਂ ਹਨ। ਬਿਲਕੁਲ ਇਸ ਦੇ ਉਲਟ 53% ਮਰਦ ਵੋਟਰ ਟਰੰਪ ਦੇ ਹੱਕ ਵਿਚ ਹਨ ਤੇ 41% ਹੈਰਿਸ ਨੂੰ ਪਸੰਦ ਕਰਦੇ ਹਨ।
ਹੈਰਿਸ ਨੂੰ ਨਿੱਜੀ ਲੋਕਪ੍ਰਿਯਤਾ ਦਾ ਫਾਇਦਾ ਵੀ ਮਿਲ ਰਿਹਾ ਹੈ। ਪਿਛਲੇ ਹਫਤੇ 90 ਮਿੰਟ ਹੋਈ ਬਹਿਸ ਦੌਰਾਨ ਟਰੰਪ ਆਪਣਾ ਬਚਾਅ ਕਰਦੇ ਹੋਏ ਨਜਰ ਆਏ। ਬਹੁਤ ਸਾਰੇ ਰਿਪਬਲੀਕਨ ਆਗੂ ਵੀ ਇਸ ਗੱਲ ਨਾਲ ਸਹਿਮਤ ਹਨ ਕਿ ਬਹਿਸ ਵਿਚ ਉੱਪ ਰਾਸ਼ਟਰਪਤੀ ਨੇ ਸਾਬਕਾ ਰਾਸ਼ਟਰਪਤੀ ਨਾਲੋਂ ਬੇਹਤਰ ਕਾਰਗੁਜ਼ਾਰੀ ਵਿਖਾਈ ਹੈ।
ਪਿਛਲੇ ਹਫਤੇ ਹੀ ਟਰੰਪ ਨੇ ਕਿਹਾ ਸੀ ਕਿ ਉਹ ਹੈਰਿਸ ਨਾਲ ਹੋਰ ਬਹਿਸ ਵਿਚ ਹਿੱਸਾ ਨਹੀਂ ਲੈਣਗੇ। ਇਥੇ ਜਿਕਰਯੋਗ ਹੈ ਕਿ 2020 ਦੀਆਂ ਚੋਣਾਂ ਵਿਚ ਬਾਈਡਨ ਨੇ ਪੈਨਸਿਲਵਾਨੀਆ 1.2% ਵੋਟਾਂ ਦੇ ਫਰਕ ਨਾਲ ਜਿੱਤਿਆ ਸੀ ਜਦ ਕਿ 2016 ਵਿਚ ਪੈਨਸਿਲਵਾਨੀਆ ਵਿੱਚ ਟਰੰਪ ਨੇ ਹਿਲੇਰੀ ਕਲਿੰਟਨ ਵਿਰੁੱਧ 1% ਤੋਂ ਘੱਟ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ।
ਸਰਵੇ ਵਿਚ ਹੈਰਿਸ ਏਰੀ ਤੇ ਨਾਰਥੰਪਟਨ ਕਾਊਂਟੀਆਂ ਵਿਚ ਵੀ ਟਰੰਪ ਨਾਲੋਂ ਅੱਗੇ ਹੈ ਜੋ ਕਾਊਂਟੀਆਂ ਤੈਅ ਕਰਦੀਆਂ ਹਨ ਕਿ ਰਾਜ ਵਿਚ ਕੌਣ ਜਿੱਤ ਰਿਹਾ ਹੈ।