ਯੈੱਸ ਪੰਜਾਬ
ਨਿਊਯਾਰਕ, 26 ਜੁਲਾਈ, 2024:
ਭਾਰਤੀ ਮੂਲ ਦੇ ਇੱਕ ਵਿਅਕਤੀ ’ਤੇ 10 ਲੱਖ ਡਾਲਰ ਦੀ ਲਾਟਰੀ ਟਿਕਟ ਚੋਰੀ ਕਰਨ ਦਾ ਦੋਸ਼ ਲੱਗਾ ਹੈ। ਇਹ ਟਿਕਟ ਉਸ ‘ਪੈਟਰੋਲ ਬੰਕ’ ਦੇ ਮਾਲਕ ਵੱਲੋਂ ਖ਼ਰੀਦੀ ਗਈ ਸੀ ਜਿਸ ਵਿੱਚ ਇਹ ਭਾਰਤੀ ਮੂਲ ਦਾ ਵਿਅਕਤੀ ਕੰਮ ਕਰਦਾ ਸੀ।
ਰਦਰਫ਼ੋਰਡ ਕਾਊਂਟੀ ਸ਼ੈਰਿਫ਼ ਦੇ ਦਫ਼ਤਰ ਨੇ ਦੱਸਿਆ ਕਿ 23 ਸਾਲਾ ਮੀਰ ਪਟੇਲ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸਨੂੰ ਚੋਰੀ ਦੇ ਦੋਸ਼ ਤਹਿਤ ਨਾਮਜ਼ਦ ਕੀਤਾ ਗਿਆ। ਟਿਕਟ ਖ਼ਰੀਦਣ ਵਾਲੇ ‘ਪੈਟਰੋਲ ਬੰਕ’ ਦੇ ਮਾਲਕ ਨੂੰ ਉਸਦੀ ਜਿੱਤ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।
ਚੋਰੀ ਦੀ ਇਹ ਕਥਿਤ ਵਾਰਦਾਤ ਟੈਨੇਸੀ ਰਾਜ ਦੇ ਮੁਰਫ਼੍ਰੀਸਬੌਰੋ ਵਿੱਚ ਪੈਂਦੇ ‘ਪੈਟਰੋਲ ਬੰਕ’ ਵਿੱਚ ਹੋਈ ਸੀ ਜਿੱਥੇ ਪਟੇਲ ਨੌਕਰੀ ਕਰਦਾ ਸੀ।
ਡਿਟੈਕਟਿਵ ਸਟੀਵ ਕ੍ਰੇਗ ਨੇ ਕਾਊਂਟੀ ਐਕਸਚੇਂਜ ਅਖ਼ਬਾਰ ਨੂੰ ਦੱਸਿਆ ਕਿ ਟਿਕਟ ਖ਼ਰੀਦਣ ਵਾਲੇ ਵਿਅਕਤੀ ਨੇ ਪਟੇਲ ਨੂੰ ਟਿਕਟ ਨੂੰ ਸਕੈਨ ਕਰਕੇ ਚੈੱਕ ਕਰਨ ਲਈ ਕਿਹਾ ਤਾਂ ਜੋ ਪਤਾ ਲੱਗੇ ਕਿ ਉਸਨੇ ਕੀ ਜਿੱਤਿਆ ਹੈ ਤਾਂ ਉਸਨੇ ਉਸਨੂੰ ਦੱਸ ਦਿੱਤਾ ਕਿ ਟਿਕਟ ’ਤੇ ਬਹੁਤ ਘੱਟ ਰਕਮ ਜਿੱਤੀ ਗਈ ਹੈ ਅਤੇ ਟਿਕਟ ਨੂੰ ਰੱਦੀ ਵਿੱਚ ਸੁੱਟ ਦਿੱਤਾ।
ਉਕਤ ਵਿਅਕਤੀ ਦੇ ਸਟੋਰ ਤੋਂ ਚਲੇ ਜਾਣ ਤੋਂ ਬਾਅਦ ਪਟੇਲ ਨੇ ਇਸ ਨੂੰ ਰੱਦੀ ਵਿੱਚੋਂ ਕੱਢਿਆ, ਟਿਕਟ ’ਤੇ ਜਿੱਤੀ ਹੋਈ ਰਕਮ ਦਾ ਪਤਾ ਲਗਾਉਣ ਲਈ ਲੁੱਕੇ ਹੋਏ ਹਿੱਸੇ ਨੂੰ ‘ਸਕਰੈੱਚ’ਕੀਤਾ ਅਤੇ ਲਾਟਰੀ ਦਫ਼ਤਰ ਲੈ ਗਿਆ, ਜਿੱਥੇ ਸਟਾਫ਼ ਨੂੰ ਸ਼ੱਕ ਹੋ ਗਿਆ।
ਸਟੇਟ ਲਾਟਰੀ ਦੇ ਜਾਂਚ ਕਰਤਾਵਾਂ ਨੇ ਪੈਟਰੋਲ ਬੰਕ ਦੇ ਕੈਮਰਿਆਂ ਵਿਚਲੇ ਵੀਡੀਉ ਜ਼ਬਤ ਕੀਤੇ ਜਿਸ ਵਿੱਚ ਉਹਨਾਂ ਨੂੰ ਇਹ ਨਜ਼ਰ ਆਇਆ ਕਿ ਕੂੜੇ ਵਿੱਚੋਂ ਟਿਕਟ ਕੱਢਣ ਅਤੇ ਟਿਕਟ ਦੇ ਅਗਲੇ ਹਿੱਸੇ ਨੂੰ ਖ਼ੁਰਚਣ ਤੋਂ ਬਾਅਦ ਸਟੋਰ ਵਿੱਚ ਜਸ਼ਨ ਮਨਾਇਆ ਗਿਆ ਕਿ ਟਿਕਟ ਇੱਕ ਮਿਲੀਅਨ ਡਾੱਲਰ ਦੇ ਇਨਾਮ ਦੀ ਜੇਤੂ ਟਿਕਟ ਸੀ।
ਇਸ ਸੰਬੰਧੀ ਸ਼ੈਰਿਫ਼ ਦੇ ਦਫ਼ਤਰ ਨੂੰ ਸੂਚਿਤ ਕੀਤਾ ਗਿਆ ਅਤੇ ਪਟੇਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਸ ਮਗਰੋਂਅਧਿਕਾਰੀ ਖ਼ਰੀਦਦਾਰ ਦੀ ਪਛਾਣ ਕਰਨ ਲਈ ਸਟੋਰ ਵਿੱਚ ਗਏ ਅਤੇ ਉੱਥੋਂ ਦੇ ਵੀਡੀਉਜ਼ ਰਾਹੀਂ ਇਹ ਪਤਾ ਲਗਾਇਆ ਕਿ ਟਿਕਟ ਦਾ ਅਸਲ ਖ਼ਰੀਦਦਾਰ ਕੌਣ ਹੈ। ਪਤਾ ਲਾਉਣ ਉਪਰੰਤ ਉਹ ਟਿਕਟ ਦੇ ਅਸਲ ਖ਼ਰੀਦਦਾਰ ਕੋਲ ਗਏ ਅਤੇ ਉਸਨੂੰ ਦੱਸਿਆ ਕਿ ਉਸਦੀ ਕਿਸਮਤ ਨੇ ਕਿੱਡਾ ਵੱਡਾ ਅਤੇ ਸੁਖ਼ਾਵਾਂ ਪਲਟਾ ਖਾਧਾ ਹੈ।
ਅਧਿਕਾਰੀਆਂ ਅਨੁਸਾਰ ਇਸ ਮਾਮਲੇ ਵਿੱਚ ਦਿਲਚਸਪ ਅਤੇ ਅਹਿਮ ਗੱਲ ਇਹ ਰਹੀ ਕਿ ਟਿਕਟ ਦਾ ਅਸਲ ਖ਼ਰੀਦਦਾਰ ਅਧਿਕਾਰੀਆਂ ਵੱਲੋਂ ਦੱਸੇ ਜਾਣ ਤਕ ਇਹ ਨਹੀਂ ਜਾਣਦਾ ਸੀ ਕਿ ਉਸਦੀ ਟਿਕਟ ਨੇ ਇੱਡਾ ਵੱਡਾ ਇਨਾਮ ਜਿੱਤਿਆ ਹੈ ਜਿਹੜਾ ਉਸਦਾ ਜੀਵਨ ਬਦਲ ਸਕਦਾ ਹੈ।