ਯੈੱਸ ਪੰਜਾਬ
ਜਲੰਧਰ, 29 ਅਕਤੂਬਰ, 2024
ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਵੱਲੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅੱਗਰਵਾਲ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਡਾ. ਹਿਮਾਂਸ਼ੂ ਅੱਗਰਵਾਲ ਨੂੰ ਆਪਣੇ ਸਾਈਨ ਕੀਤੀ ਹੋਈ ਹਾਕੀ ਦੀ ਸਟਿੱਕ ਭੇਂਟ ਕੀਤੀ।
ਇਸ ਮੌਕੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਡਾ. ਹਿਮਾਂਸ਼ੂ ਅਗਰਵਾਲ ਜਿੱਥੇ ਆਪਣੀਆਂ ਸੇਵਾਵਾਂ ਬਾਖੂਬੀ ਨਿਭਾਅ ਰਹੇ ਹਨ ਉੱਥੇ ਉਹ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਵੀ ਹਨ ਤੇ ਉਨ੍ਹਾਂ ਦੀ ਸੁਚੱਜੀ ਅਗਵਾਈ ਹੇਠ ਹੋਇਆ 41ਵਾਂ ਸੁਰਜੀਤ ਹਾਕੀ ਟੂਰਨਾਮੈਂਟ ਨਵੀਆਂ ਬੁਲੰਦੀਆਂ ਛੂੰਹਦਿਆਂ ਸਫ਼ਲਤਾਪੂਰਵਕ ਸੰਪੰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਜਿਸ ਤਰ੍ਹਾਂ ਨਾਲ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ ਅਤੇ ਟੂਰਨਾਮੈਂਟ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਸਨ ਉਸ ਲਈ ਡਾ. ਅੱਗਰਵਾਲ ਵਧਾਈ ਦੇ ਪਾਤਰ ਹਨ।
ਇਸ ਮੌਕੇ ਡਾ. ਹਿਮਾਂਸ਼ੂ ਅਗਰਵਾਲ ਨੇ ਕਪਤਾਨ ਹਰਮਨਪ੍ਰੀਤ ਸਿੰਘ ਦਾ ਹਾਕੀ ਸਟਿੱਕ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਕਪਤਾਨ ਵੱਲੋਂ ਸਾਇਨ ਕੀਤੀ ਇਹ ਸਟਿੱਕ ਮੇਰੇ ਲਈ ਬੇਸ਼ਕੀਮਤੀ ਤੋਹਫ਼ਾ ਹੈ ਤੇ ਮੈਂ ਇਸ ਨੂੰ ਬਹੁਤ ਹੀ ਸੰਭਾਲ ਕੇ ਰੱਖਾਂਗਾ।
ਉਨ੍ਹਾਂ ਕਿਹਾ ਕਿ ਕਪਤਾਨ ਹਰਮਨਪ੍ਰੀਤ ਦੀ ਅਗਵਾਈ ‘ਚ ਭਾਰਤੀ ਹਾਕੀ ਟੀਮ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ ਤੇ ਹਰਮਨਪ੍ਰੀਤ ਆਪਣੀ ਖੇਡ ਦੇ ਦਮ ‘ਤੇ ਭਾਰਤ ਨੂੰ ਵੱਡੀਆਂ ਜਿੱਤਣ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰੀਆਂ ਸ਼ੁੱਭ ਇੱਛਾਵਾਂ ਕਪਤਾਨ ਹਰਮਨਪ੍ਰੀਤ ਸਿੰਘ ਤੇ ਸਮੁੱਚੀ ਭਾਰਤੀ ਟੀਮ ਨਾਲ ਹੈ। ਇੱਥੇ ਦੱਸਣਯੋਗ ਹੈ ਕਿ ਕਪਤਾਨ ਹਰਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਭਾਰਤੀ ਹਾਕੀ ਟੀਮ ਨੇ ਪੈਰਿਸ ਉਲੰਪਿਕ ਵਿਚ ਕਾਂਸੀ ਦਾ ਤਗਮਾ ਜਿੱਤਿਆ ਤੇ ਏਸ਼ੀਅਨ ਚੈਂਪੀਅਨ ਟਰਾਫ਼ੀ ‘ਤੇ ਵੀ ਕਬਜ਼ਾ ਕੀਤਾ। ਉਹ ਟੋਕੀਓ ਉਲੰਪਿਕ ਵੀ ਖੇਡੇ ਸਨ।