ਯੈੱਸ ਪੰਜਾਬ
ਰੂਪਨਗਰ, ਅਗਸਤ 6, 2024:
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀ ‘ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਸਹਿਣਸ਼ੀਲਤਾ’ ਵਚਨਬੱਧਤਾ ਨੂੰ ਸਖ਼ਤੀ ਨਾਲ ਅੱਗੇ ਲਿਜਾਣ ਦੀ ਹਦਾਇਤ ਕੀਤੀ ਅਤੇ ਭ੍ਰਿਸ਼ਟਾਚਾਰ ਵਿਰੋਧੀ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ ਦੇ ਵਟਸਐਪ ਨੰਬਰ 9501 200 200 ਅਤੇ ਟੋਲ ਫਰੀ ਨੰਬਰ 1800-1800-1000 ਬਾਰੇ ਆਮ ਨਾਗਰਿਕਾਂ ਨੂੰ ਭ੍ਰਿਸ਼ਟਾਚਾਰ ਨਾਲ ਸਬੰਧਤ ਸ਼ਿਕਾਇਤਾਂ ਦਰਜ ਕਰਾਉਣ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ ’ਤੇ ਜ਼ੋਰ ਦਿੰਦਿਆਂ, ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਉਹ ਇਨ੍ਹਾਂ ਨੰਬਰਾਂ ’ਤੇ ਦਰਜ ਕਰਵਾ ਸਕਦੇ ਹਨ।
ਉਨ੍ਹਾਂ ਐਸ ਐਸ ਪੀ ਵਿਜੀਲੈਂਸ ਬਿਊਰੋ ਰੇਂਜ ਰੂਪਨਗਰ ਰੇਂਜ ਐਟ ਮੋਹਾਲੀ, ਦਲਜੀਤ ਸਿੰਘ ਰਾਣਾ ਨਾਲ ਮੀਟਿੰਗ ਦੌਰਾਨ ਜ਼ਿਲ੍ਹੇ ’ਚ ਭ੍ਰਿਸ਼ਟਾਚਾਰ ਮਾਮਲਿਆਂ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਜੇਕਰ ਕਿਸੇ ਵੀ ਮਾਮਲੇ ਦੀ ਜਾਂਚ ਜਾਂ ਹੋਰ ਪ੍ਰਕਿਰਿਆ ’ਚ ਕੋਈ ਦਿੱਕਤ ਆਵੇ ਤਾਂ ਤੁਰੰਤ ਉਨ੍ਹਾਂ ਦੇ ਧਿਆਨ ’ਚ ਲਿਆਂਦਾ ਜਾਵੇ।
ਉੁਨ੍ਹਾਂ ਨੇ ਜ਼ਿਲ੍ਹੇ ’ਚ ਵੱਖ-ਵੱਖ ਵਿਭਾਗਾਂ ਕੋਲੋਂ ਵਿਜੀਲੈਂਸ ਪੜਤਾਲ ਲਈ ਮੰਗੇ ਜਾਂਦੇ ਰਿਕਾਰਡ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ’ਚ ਫ਼ੜੇ ਕਰਮਚਾਰੀਆਂ ਵਿਰੁੱਧ ਕੇਸ ਚਲਾਉਣ ਦੀ ਮਨਜ਼ੂਰੀ ਸਬੰਧੀ ਕਿਸੇ ਵੀ ਤਰ੍ਹਾਂ ਦੀ ਪੈਂਡੈਂਸੀ ਨੂੰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਇਸ ਲੋਕ ਹਿੱਤੂ ਮੁਹਿੰਮ ’ਚ ਰੁਕਾਵਟ ਕਰਾਰ ਦਿੰਦਿਆਂ ਅਜਿਹੀਆਂ ਮਨਜ਼ੂਰੀਆਂ ਅਤੇ ਰਿਕਾਰਡ ਦੀ ਉਲਬਧਤਾ ਬਿਨਾਂ ਕਿਸੇ ਦੇਰੀ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ।
ਉਨ੍ਹਾਂ ਕਿਹਾ ਕਿ ਵਿਜੀਲੈਂਸ ਬਿਊਰੋ ਦਾ ਕੰਮ ਭ੍ਰਿਸ਼ਟ ਲੋਕਾਂ ਨੂੰ ਕਾਬੂ ਕਰਨਾ ਹੈ ਅਤੇ ਜੇਕਰ ਅਸੀਂ ਕਾਬੂ ਕੀਤੇ ਭ੍ਰਿਸ਼ਟ ਲੋਕਾਂ ਨਾਲ ਸਬੰਧਤ ਦਸਤਾਵੇਜ਼ ਜਾਂ ਮਨਜੂਰੀਆਂ ’ਚ ਬੇਲੋੜੀ ਦੇਰੀ ਕਰਦੇ ਹਾਂ ਤਾਂ ਅਸੀਂ ਵੀ ਅਸਿੱਧੇ ਰੂਪ ’ਚ ਭ੍ਰਿਸ਼ਟਾਚਾਰੀ ਦੀ ਹਮਾਇਤ ਦੇ ਗੁਨਾਹ ਦੇ ਭਾਗੀਦਾਰ ਅਖਵਾਵਾਂਗੇ।
ਡਿਪਟੀ ਕਮਿਸ਼ਨਰ ਨੇ ਵਧੀਕ ਡਿਪਟੀ ਕਮਿਸ਼ਨਰ (ਜ) ਨੂੰ ਵਿਜੀਲੈਂਸ ਨਾਲ ਸਬੰਧਤ ਮਾਮਲਿਆਂ ਨੂੰ ਪਹਿਲ ਦੇ ਆਧਾਰ ’ਤੇ ਨਿਪਟਾਉਣ ਲਈ ਕਿਹਾ।
ਡਿਪਟੀ ਕਮਿਸ਼ਨਰ ਨੇ ਭ੍ਰਿਸ਼ਟਚਾਰ ਪ੍ਰਤੀ ਆਮ ਲੋਕਾਂ ’ਚ ਜਾਗਰੂਕਤਾ ਲਈ ਮਹਤੱਵਪੂਰਨ ਸਥਾਨਾਂ ਜਿਵੇਂ ਕਿ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਸਰਕਾਰੀ ਅਦਾਰਿਆ ਵਿੱਚ ਵਿਜੀਲੈਂਸ ਬਿਊਰੋ ਦੇ ਸਬੰਧਤ ਅਧਿਕਾਰੀ/ਕਰਮਚਾਰੀਆ ਦੇ ਨਾਮ ਅਤੇ ਟੈਲੀਫੋਨ ਨੰਬਰਾਂ ਦੇ ਵੇਰਵੇ ਦਿੰਦੇ ਬੈਨਰ ਲਾਉਣ ’ਤੇ ਵੀ ਜ਼ੋਰ ਦਿੱਤਾ ਤਾਂ ਜੋ ਆਮ ਲੋਕਾਂ ਦੁਆਰਾ ਭ੍ਰਿਸ਼ਟਾਚਾਰ ਰੋਕਣ ਸਬੰਧੀ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕੇ।
ਉਨ੍ਹਾਂ ਨੇ ਭ੍ਰਿਸ਼ਟਾਚਾਰ ਨੂੰ ਰੋਕਣ ਸੰਬਧੀ ਸੈਮੀਨਾਰ ਵਰਕਸ਼ਾਪਾਂ ਦਾ ਅਯੋਜਿਤ ਕਰਨ ਲਈ ਵੀ ਕਿਹਾ, ਜਿਸ ਨਾਲ ਆਮ ਲੋਕਾਂ ਨੂੰ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਬਾਰੇ ਜਾਗਰੂਕ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਅਜਿਹੀਆਂ ਤਾਲਮੇਲ ਮੀਟਿੰਗਾਂ ਨਿਸ਼ਚਿਤ ਅੰਤਰਾਲ ’ਤੇ ਕੀਤੀਆਂ ਜਾਣਗੀਆਂ ਤਾਂ ਜੋ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਤਫ਼ਤੀਸ਼ ’ਚ ਕੋਈ ਰੁਕਾਵਟ ਨਾ ਬਣੇ ਅਤੇ ਭ੍ਰਿਸ਼ਟ ਅਧਿਕਾਰੀਆਂ ਜਾਂ ਕਰਮਚਾਰੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
ਮੀਟਿੰਗ ਵਿੱਚ ਡੀ ਐਸ ਪੀ ਵਿਜੀਲੈਂਸ ਬਿਊਰੋ ਯੂਨਿਟ ਰੂਪਨਗਰ ਗੋਪਾਲ ਕ੍ਰਿਸ਼ਨ ਵੀ ਮੌਜੂਦ ਸਨ।