ਯੈੱਸ ਪੰਜਾਬ
ਮੋਗਾ, ਅਗਸਤ 2, 2024:
ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਸਮੂਹ ਲੇਖਕ ਵਰਗ ਨੂੰ ਸੱਦਾ ਦਿੱਤਾ ਹੈ ਕਿ ਉਹ ਸਮਾਜ ਨੂੰ ਸੇਧ ਦੇਣ ਅਤੇ ਸਰਕਾਰੀ ਸਕੀਮਾਂ ਦਾ ਲਾਭ ਹਰੇਕ ਯੋਗ ਵਿਅਕਤੀ ਨੂੰ ਪਹੁੰਚਾਉਣ ਲਈ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਸਹਿਯੋਗ ਕਰੇ।
ਉਹ ਆਪਣੇ ਦਫ਼ਤਰ ਵਿਖੇ ਪ੍ਰਸਿੱਧ ਪੱਤਰਕਾਰ ਅਤੇ ਲੇਖਕ ਰਾਜਵਿੰਦਰ ਰੌਂਤਾ ਦੀ ਪੁਸਤਕ ‘ ਮੇਰਾ ਹੱਕ ਬਣਦਾ ਏ ਨਾ ? ‘ ਰਿਲੀਜ਼ ਕਰ ਰਹੇ ਸਨ।
ਇਸ ਮੌਕੇ ਉਹਨਾਂ ਨਾਲ ਸ੍ਰ ਪ੍ਰਭਦੀਪ ਸਿੰਘ ਨੱਥੋਵਾਲ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸ੍ਰ ਗੁਰਭੇਜ ਸਿੰਘ ਬਰਾੜ ਰੀਡਰ, ਸ਼੍ਰੀ ਅੰਕਿਤ ਨਿੱਜੀ ਸਹਾਇਕ ਡਿਪਟੀ ਕਮਿਸ਼ਨਰ ਅਤੇ ਹੋਰ ਵੀ ਹਾਜ਼ਰ ਸਨ।
ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਕ ਲੇਖਕ ਦੀ ਕਲਮ ਵਿੱਚ ਐਨੀ ਤਾਕਤ ਹੁੰਦੀ ਹੈ ਕਿ ਉਸਦੀ ਲਿਖਤ ਨੂੰ ਹਰ ਸੰਵੇਦਨਸ਼ੀਲ ਵਿਅਕਤੀ ਪੜ੍ਹਦਾ ਹੈ।
ਲੋਕ ਹੋਰ ਕਿਸੇ ਮਾਧਿਅਮ ਨਾਲੋਂ ਚੰਗੀਆਂ ਲਿਖਤਾਂ ਉੱਤੇ ਜਿਆਦਾ ਵਿਸ਼ਵਾਸ਼ ਕਰਦੇ ਹਨ।
ਉਹਨਾਂ ਕਿਹਾ ਕਿ ਜੇਕਰ ਲੇਖਕ ਵਰਗ ਸਮਾਜ ਨੂੰ ਸੇਧ ਦੇਣ ਵਾਲੀਆਂ ਲਿਖਤਾਂ ਜਿਆਦਾ ਲਿਖਣ ਲੱਗੇ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਅਸੀਂ ਸੱਚਮੁੱਚ ਹੀ ਸੱਭਿਅਕ ਸਮਾਜ ਦੀ ਸ਼੍ਰੇਣੀ ਵਿੱਚ ਆ ਜਾਵਾਂਗੇ।
ਇਸੇ ਤਰ੍ਹਾਂ ਕੋਈ ਵੀ ਵਿਅਕਤੀ ਸਰਕਾਰੀ ਸਕੀਮਾਂ ਦੇ ਲਾਭ ਤੋਂ ਵਾਂਝਾ ਵੀ ਨਹੀਂ ਰਹੇਗਾ। ਉਹਨਾਂ ਲੇਖਕ ਰਾਜਵਿੰਦਰ ਰੌਂਤਾ ਨੂੰ ਕਿਤਾਬ ਲਈ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।