ਯੈੱਸ ਪੰਜਾਬ
ਚੰਡੀਗੜ੍ਹ, ਜੁਲਾਈ 16, 2024:
ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਕੁਦਰਤੀ ਜੀਵਨ ਜਿਊਣ ਲਈ ਮਨੁੱਖ ਨੂੰ ਸੰਤੁਲਿਤ ਵਾਤਾਵਰਨ ਦੀ ਬੇਹੱਦ ਜ਼ਰੂਰਤ ਹੈ ਅਤੇ ਵਾਤਾਵਰਨ ਨੂੰ ਸੰਤੁਲਿਤ ਰੱਖਣ ਲਈ ਮਨੁੱਖ ਨੂੰ ਹੁਣ ਵਿਸ਼ੇਸ਼ ਹੰਭਲੇ ਮਾਰਨੇ ਹੀ ਪੈਣਗੇ।
ਅੱਜ ਇੱਥੇ ਪੰਜਾਬ ਵਿਧਾਨ ਸਭਾ ਵਿਖੇ ਇੱਕ ਬੂਟਾ ਲਾ ਕੇ ਬੂਟੇ ਲਾਉਣ ਤੇ ਵਾਤਾਵਰਨ ਬਚਾਉਣ ਸਬੰਧੀ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਸ. ਸੰਧਵਾਂ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ ਵਿਧਾਨ ਸਭਾ ਦੇ ਅਧਿਕਾਰਤ ਖੇਤਰ ‘ਚ 2000 ਬੂਟੇ ਲਾਏ ਜਾਣਗੇ।
ਉਨ੍ਹਾਂ ਹਰ ਮਨੁੱਖ ਨੂੰ ਘੱਟੋ-ਘੱਟ ਇੱਕ ਬੂਟਾ ਲਾਉਣ ਦੀ ਸਲਾਹ ਦਿੰਦਿਆਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਸੂਬੇ ਦੇ ਲੋਕਾਂ ਨੂੰ ਵੱਧ ਤੋ ਵੱਧ ਬੂਟੇ ਲਾਉਣ ਲਈ ਪ੍ਰੇਰਿਤ ਕਰਨਾ ਹੈ।
ਸਪੀਕਰ ਨੇ ਕਿਹਾ ਕਿ ਰੁੱਖਾਂ ਦੀ ਕਟਾਈ ਨਾਲ ਵਣਾਂ ਹੇਠ ਰਕਬਾ ਲਗਾਤਾਰ ਘਟ ਰਿਹਾ ਹੈ, ਜਿਸ ਕਾਰਨ ਵਾਤਾਵਰਨ ਲਗਾਤਾਰ ਪ੍ਰਦੂਸ਼ਿਤ ਹੋ ਰਿਹਾ ਹੈ।
ਇਸ ਲਈ ਧਰਤੀ ਮਾਂ ਨੂੰ ਸਿਹਤਮੰਦ, ਪ੍ਰਦੂਸ਼ਣ ਰਹਿਤ ਅਤੇ ਹਰਾ-ਭਰਾ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਾਉਣਾ ਤੇ ਉਨ੍ਹਾਂ ਦਾ ਸਾਂਭ-ਸੰਭਾਲ ਕਰਨੀ ਬਹੁਤ ਜ਼ਰੂਰੀ ਹੈ।
ਸ. ਸੰਧਵਾਂ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਡੇਰੇ ਲੋਕ ਹਿੱਤ ਵਿੱਚ ਵੱਧ ਤੋਂ ਵੱਧ ਬੂਟੇ ਲਾ ਕੇ ਵਾਤਾਵਰਨ ਨੂੰ ਸੰਤੁਲਿਤ ਕਰਨ ‘ਚ ਆਪਣਾ ਯੋਗਦਾਨ ਪਾਉਣ।
ਉਨ੍ਹਾਂ ਕਿਹਾ ਕਿ ਹੁਣ ਜਦੋਂ ਪੂਰੀ ਦੁਨੀਆਂ ਵਾਤਾਵਰਨ ਪ੍ਰਤੀ ਚਿੰਤਤ ਹੈ ਅਤੇ ਵਾਤਾਵਰਨ ਦੀਆਂ ਤਬਦੀਲੀਆਂ ਸਬੰਧੀ ਚਰਚਾ ਕਰ ਰਹੀ ਹੈ ਤਾਂ ਹਰੇਕ ਮਨੁੱਖ ਦਾ ਇਹ ਫਰਜ਼ ਬਣਦਾ ਹੈ ਕਿ ਉਹ ਵਾਤਾਵਰਨ ਪ੍ਰਤੀ ਸੁਚੇਤ ਹੋਵੇ ਅਤੇ ਵਾਤਾਵਰਨ ਦੀ ਸੰਭਾਲ ‘ਚ ਆਪਣਾ ਬਣਦਾ ਯੋਗਦਾਨ ਪਾਵੇ।
ਸ. ਸੰਧਵਾਂ ਨੇ ਪੰਜਾਬ ‘ਚ ਵਣਾਂ ਹੇਠ ਰਕਬਾ ਵਧਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ, ਸਮਾਜਿਕ ਤੇ ਧਾਰਮਿਕ ਸੰਸਥਾਵਾਂ, ਈਕੋ ਤੇ ਯੂਥ ਕਲੱਬਾਂ ਤੇ ਹੋਰਨਾਂ ਸੰਸਥਾਵਾਂ ਨੂੰ ਵੱਧ ਤੋਂ ਵੱਧ ਬੂਟੇ ਲਾ ਕੇ ਮਨੁੱਖਤਾ ਦੇ ਭਲਾਈ ਵਾਲੇ ਇਸ ਕਾਰਜ ‘ਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ।
ਇਸ ਬੂਟੇ ਲਗਾਉਣ ਦੀ ਮੁਹਿੰਮ ਵਿੱਚ ਹੋਰਨਾਂ ਤੋਂ ਇਲਾਵਾ ਡਿਪਟੀ ਸਪੀਕਰ ਸ੍ਰੀ ਜੈ ਕ੍ਰਿਸ਼ਨ ਸਿੰਘ ਰੋੜੀ, ਵਿਧਾਇਕ, ਵਿਧਾਨ ਸਭਾ ਦੇ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਸ਼ਮੂਲੀਅਤ ਕੀਤੀ।