ਯੈੱਸ ਪੰਜਾਬ
ਹੁਸ਼ਿਆਰਪੁਰ, 8 ਅਪ੍ਰੈਲ, 2025
Model Town ਦੇ ਰੋਸ਼ਨ ਗਰਾਊਂਡ ਤੋਂ ਲੈ ਕੇ ਪ੍ਰੈਸੀਡੈਂਸੀ ਹੋਟਲ ਤੱਕ ਦੇ ਮਾਰਗ ਦਾ ਸੁੰਦਰੀਕਰਨ ਕਰਕੇ ਆਧੁਨਿਕ ਪ੍ਰੋਜੈਕਟ ਨੂੰ ਅੰਜਾਮ ਦਿੱਤਾ ਗਿਆ ਹੈ। ਇਹ ਮਾਰਗ ਹੁਣ ਨਾ ਸਿਰਫ਼ ਆਵਾਜਾਈ ਦੀ ਨਜ਼ਰ ਤੋਂ ਸੁਵਿਧਾਜਨਕ ਬਣੇਗਾ, ਸਗੋਂ ਆਪਣੀ ਆਕਰਸ਼ਕ ਸਜਾਵਟ ਨਾਲ ਲੋਕਾਂ ਲਈ ਇੱਕ ਵਿਸ਼ੇਸ਼ ਖਿੱਚ ਦਾ ਕੇਂਦਰ ਵੀ ਰਹੇਗਾ।
ਵਿਧਾਇਕ Bram Shankar Jimpa, ਨੇ ਜਾਣਕਾਰੀ ਦਿੱਤੀ ਕਿ ਇਸ ਮਾਰਗ ਦਾ ਨਾਮ ਸਿੱਖ ਧਰਮ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ’ਤੇ ਸਮਰਪਿਤ ਕਰਕੇ ‘ਸ੍ਰੀ ਗੁਰੂ ਰਾਮਦਾਸ ਜੀ ਮਾਰਗ’ ਰੱਖਿਆ ਗਿਆ ਹੈ, ਜਿਸ ਨਾਲ ਇਸ ਪ੍ਰੋਜੈਕਟ ਨੂੰ ਅਧਿਆਤਮਿਕ ਅਤੇ ਸੱਭਿਆਚਾਰਕ ਪਛਾਣ ਮਿਲੀ ਹੈ।
ਉਨ੍ਹਾਂ ਦੱਸਿਆ ਕਿ ਲੁਧਿਆਣਾ ਬੈਵਰੇਜ ਲਿਮਟਿਡ ਦੇ ਸਹਿਯੋਗ ਨਾਲ ਇਸ ਸੜਕ ਦਾ ਨਵੀਨੀਕਰਨ ਕੀਤਾ ਗਿਆ ਹੈ, ਜਿਸ ਵਿੱਚ ਆਧੁਨਿਕ ਤਕਨੀਕ ਨਾਲ ਬਣੀਆਂ ਫੈਂਸੀ ਲਾਈਟਾਂ ਲਗਾਈਆਂ ਗਈਆਂ ਹਨ। ਇਹ ਲਾਈਟਾਂ ਨਾਲ ਮਾਰਗ ਰਾਤ ਸਮੇਂ ਵੀ ਪੂਰੀ ਤਰ੍ਹਾਂ ਜਗਮਗਾਉਂਦਾ ਨਜ਼ਰ ਆਵੇਗਾ, ਜਿਸ ਨਾਲ ਸਥਾਨਕ ਨਿਵਾਸੀਆਂ ਅਤੇ ਰਾਹਗੀਰਾਂ ਨੂੰ ਬਿਹਤਰ ਅਨੁਭਵ ਮਿਲੇਗਾ।
ਵਿਧਾਇਕ ਜਿੰਪਾ ਨੇ ਇਹ ਵੀ ਕਿਹਾ ਕਿ ਇਸ ਮਾਰਗ ਦੇ ਸੁੰਦਰੀਕਰਨ ਵਿੱਚ ਕੋਈ ਵੀ ਕਮੀ ਨਹੀਂ ਛੱਡੀ ਜਾਵੇਗੀ। ਸਰਕਾਰ ਅਤੇ ਨਗਰ ਨਿਗਮ ਵੱਲੋਂ ਲਗਾਤਾਰ ਇਹ ਯਤਨ ਕੀਤਾ ਜਾ ਰਿਹਾ ਹੈ ਕਿ ਸ਼ਹਿਰ ਦੀਆਂ ਸੜਕਾਂ ਨੂੰ ਬਿਹਤਰ ਬਣਾਇਆ ਜਾਵੇ, ਤਾਂ ਜੋ ਆਮ ਲੋਕਾਂ ਨੂੰ ਸੁਖਾਲਾ ਅਤੇ ਸੁੰਦਰ ਮਾਹੌਲ ਮਿਲ ਸਕੇ।
ਇਸ ਮੌਕੇ ’ਤੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਸਤਵੰਤ ਸਿੰਘ ਸਿਆਣ, ਬਹਾਦਰ ਸਿੰਘ ਸੁਨੇਤ, ਪ੍ਰਦੀਪ ਸੈਣੀ, ਕੁਲਵਿੰਦਰ ਕੌਰ, ਅਵਤਾਰ ਸਿੰਘ ਕਪੂਰ, ਅਵਤਾਰ ਸਿੰਘ ਜੌਹਲ ਸਮੇਤ ਕਈ ਪਤਵੰਤੇ ਵਿਅਕਤੀ ਹਾਜ਼ਰ ਸਨ।