Friday, October 4, 2024
spot_img
spot_img
spot_img
spot_img
spot_img

ਰਾਮ ਰਹੀਮ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਆਗਿਆ ਦਿੱਤੀ ਜਾਵੇ; ਹਨੀਪ੍ਰੀਤ ਅਤੇ ਪ੍ਰਦੀਪ ਕਲੇਰ ਨੂੰ ਗ੍ਰਿਫ਼ਤਾਰ ਕੀਤਾ ਜਾਵੇ: ਪਰਮਬੰਸ ਸਿੰਘ ਰੋਮਾਣਾ

ਯੈੱਸ ਪੰਜਾਬ
ਚੰਡੀਗੜ੍ਹ, 2 ਅਗਸਤ, 2024

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਮੰਗ ਕੀਤੀ ਕਿ ਸੂਬੇ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਧਾਰਾ 295 ਏ ਤਹਿਤ ਮੁਕੱਦਮਾ ਚਲਾਉਣ ਦੀ ਤੁਰੰਤ ਆਗਿਆ ਦੇਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਹੁਕਮ ਦੇਣ ਲਈ ਹਨੀਪ੍ਰੀਤ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਪਰਦੀਪ ਕਲੇਰ ਖਿਲਾਫ ਦਰਜ ਦੋ ਪੈਂਡਿੰਗ ਕੇਸਾਂ ਵਿਚ ਉਸਦੀ ਗ੍ਰਿਫਤਾਰੀ ਕੀਤੀ ਜਾਵੇ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੱਸਣ ਕਿ ਕਿਸ ਸੌਦੇ ਤਹਿਤ ਉਹ ਪਿਛਲੇ ਦੋ ਤੋਂ ਵੱਧ ਸਾਲਾਂ ਤੋਂ ਰਾਮ ਰਹੀਮ ਖਿਲਾਫ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਲਟਕਾ ਰਹੇ ਹਨ।

ਉਹਨਾਂ ਕਿਹਾ ਕਿ ਭਗਵੰਤ ਮਾਨ ਵੀ ਪਿਛਲੀ ਕਾਂਗਰਸ ਸਰਕਾਰ ਦੇ ਰਾਹ ਚਲ ਰਹੇ ਹਨ ਕਿਉਂਕਿ ਐਸ ਆਈ ਟੀ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਰਾਮ ਰਹੀਮ ਖਿਲਾਫ ਧਾਰਾ 295 ਏ ਤਹਿਤ ਮੁਕੱਦਮਾ ਚਲਾਉਣ ਲਈ ਆਗਿਆ ਮੰਗਣ ਦੀ ਅਰਜ਼ੀ ਸਤੰਬਰ 2021 ਤੋਂ ਪੈਂਡਿੰਗ ਪਈ ਹੈ। ਉਹਨਾਂ ਸਵਾਲ ਕੀਤਾ ਕਿ ਡੇਰਾ ਸਿਰਸਾ ਮੁਖੀ ਖਿਲਾਫ ਮੁਕੱਦਮਾ ਚਲਾਉਣ ਦੀ ਆਗਿਆ ਕਿਉਂ ਨਹੀਂ ਦਿੱਤੀ ਜਾ ਰਹੀ ਜਦੋਂ ਕਿ ਬਾਕੀ ਸਾਰੇ ਮੁਲਜ਼ਮਾਂ ਖਿਲਾਫ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ।

ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਵਿਚ ਆਉਂਦੀਆ ਜ਼ਿਮਨੀ ਚੋਣਾਂ ਤੇ ਹਰਿਆਣਾ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਕਾਰਣ ਆਪ ਸਰਕਾਰ ਡੇਰਾ ਮੁਖੀ ਖਿਲਾਫ ਕਾਰਵਾਈ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਇਹੀ ਕਾਰਣ ਹੈ ਕਿ ਡੇਰਾ ਸਿਰਸਾ ਦੇ ਪੈਰੋਕਾਰ ਪ੍ਰਦੀਪ ਕਲੇਰ ਵੱਲੋਂ ਛੇ ਮਹੀਨੇ ਪਹਿਲਾਂ ਮੈਜਿਸਟਰੇਟ ਸਾਹਮਣੇ ਧਾਰਾ 164 ਤਹਿਤ ਦਰਜ ਕਰਵਾਏ ਬਿਆਨਾਂ ਵਿਚ ਹਨੀਪ੍ਰੀਤ ਨੂੰ ਮੁੱਖ ਮੁਲਜ਼ਮ ਕਰਾਰ ਦੇਣ ਦੇ ਬਾਵਜੂਦ ਉਸਨੂੰ ਹਾਲੇ ਤੱਕ ਮੁਕੱਦਮੇ ਵਿਚ ਨਾਮਜ਼ਦ ਨਹੀਂ ਕੀਤਾ ਗਿਆ ਤੇ ਨਾ ਹੀ ਗ੍ਰਿਫਤਾਰ ਕੀਤਾ ਜਾ ਰਿਹਾ ਹੈ।

ਸਰਦਾਰ ਰੋਮਾਣਾ ਨੇ ਹੈਰਾਨੀਜਨਕ ਖੁੱਲ੍ਹਾਸਾ ਕਰਦਿਆਂ ਦਸਤਾਵੇਜ਼ ਪੜ੍ਹ ਕੇ ਸਾਬਤ ਕੀਤਾ ਕਿ ਕਿਵੇਂ ਪ੍ਰਦੀਪ ਕਲੇਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ, ਸਿੱਖਾਂ ਨੂੰ ਆਪਣੇ ਗ੍ਰੰਥ ਨੂੰ ਬਚਾਉਣ ਦੀ ਚੁਣੌਤੀ ਦੇਣ ਅਤੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਗਲੀਆਂ ਵਿਚ ਖਿਲਾਰਨ ਦੇ ਸੰਬੰਧ ਵਿਚ ਤਿੰਨ ਐਫ ਆਈ ਆਰ ਉਸਦੇ ਖਿਲਾਫ ਦਰਜ ਹਨ।

ਉਹਨਾਂ ਕਿਹਾ ਕਿ ਇਸਦੇ ਬਾਵਜੂਦ ਕਲੇਰ ਨੂੰ ਸਿਰਫ ਚੋਰੀ ਦੇ ਕੇਸ ਵਿਚ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਕਿ ਬਾਜਾਖਾਨਾ ਪੁਲਿਸ ਥਾਣੇ ਵਿਚ ਤਿੰਨੋਂ ਕੇਸ ਦਰਜ ਹਨ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਕਲੇਰ ਨੂੰ ਵੀ ਬਲੈਕਮੇਲ ਕੀਤਾ ਜਾ ਰਿਹਾ ਹੈ ਤੇ ਉਸਨੂੰ ਦੋ ਕੇਸਾਂ ਵਿਚ ਗ੍ਰਿਫਤਾਰੀ ਤੋਂ ਬਚਣ ਲਈ ਸਰਕਾਰ ਦੀ ਮਰਜ਼ੀ ਦੇ ਬਿਆਨ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਸਰਦਾਰ ਰੋਮਾਣਾ ਨੇ ਮੰਗ ਕੀਤੀ ਕਿ ਬਾਕੀ ਰਹਿੰਦੇ ਦੋ ਕੇਸਾਂ ਵਿਚ ਵੀ ਕਲੇਰ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਉਹਨਾਂ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਹੁਣ ਤੱਕ ਅਜਿਹਾ ਕਿਉਂ ਨਹੀਂ ਕੀਤਾ ਗਿਆ।

ਸਰਦਾਰ ਰੋਮਾਣਾ ਨੇ ਜ਼ੋਰ ਦੇ ਕੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਚੰਨੀ ਤੇ ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਰਾਮ ਰਹੀਮ, ਹਨੀਪ੍ਰੀਤ ਤੇ ਪ੍ਰਦੀਪ ਕਲੇਰ ਦਾ ਬਚਾਅ ਕੀਤਾ ਸੀ ਜਿਵੇਂ ਕਿ ਹੁਣ ਭਗਵੰਤ ਮਾਨ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਸਭ ਨੇ ਸਿੱਖ ਕੌਮ ਦੀ ਕੀਮਤ ’ਤੇ ਡੇਰਾ ਸਿਰਸਾ ਨਾਲ ਸਮਝੌਤੇ ਕੀਤੇ ਹੋਏ ਹਨ।

ਛੇ ਸਾਲ ਪਹਿਲਾਂ ਭਗੌੜਾ ਕਰਾਰ ਦਿੱਤੇ ਜਾਣ ਦੇ ਬਾਵਜੂਦ ਆਪ ਸਰਕਾਰ ਦੇ ਨਾਲ-ਨਾਲ ਪ੍ਰਦੀਪ ਕਲੇਰ ਖਿਲਾਫ ਕਾਰਵਾਈ ਨਾ ਕਰਨ ਵਾਲੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਭੂਮਿਕਾ ’ਤੇ ਸਵਾਲ ਚੁੱਕਦਿਆਂ ਉਹਨਾਂ ਕਿਹਾ ਕਿ ਕਲੇਰ ਨੇ ਆਨ ਰਿਕਾਰਡ ਕਿਹਾ ਹੈ ਕਿ ਉਹ ਡੇਰਾ ਸਿਰਸਾ ਵਿਚ ਰਹਿ ਰਿਹਾ ਸੀ ਤੇ ਉਸਨੇ ਤਾਂ ਆਪਣਾ ਫੋਨ ਨੰਬਰ ਵੀ ਨਹੀਂ ਬਦਲਿਆ ਸੀ। ਉਹਨਾਂ ਕਿਹਾ ਕਿ ਆਪ ਸਰਕਾਰ ਦੱਸੇ ਕਿ ਕਾਨੂੰਨ ਮੁਤਾਬਕ ਹਾਲੇ ਤੱਕ ਕਲੇਰ ਦੀ ਜਾਇਦਾਦ ਕਿਉਂ ਜ਼ਬਤ ਨਹੀਂ ਕੀਤੀ ਗਈ ਜਦੋਂ ਕਿ ਉਹ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ।

ਅਕਾਲੀ ਆਗੂ ਨੇ ਕਿਹਾ ਕਿ ਸੱਚਾਈਇਹ ਹੈ ਕਿ ਆਪ ਸਰਕਾਰ ਕਲੇਰ ਨੂੰ ਗ੍ਰਿਫਤਾਰ ਹੀ ਨਹੀਂ ਕਰਨਾ ਚਾਹੁੰਦੀ ਤੇ ਉਸਨੂੰ ਕਲੇਰ ਨੂੰ ਉਦੋਂ ਮਜਬੂਰੀ ਵੱਸ ਗ੍ਰਿਫਤਾਰ ਕਰਨਾ ਪਿਆ ਜਦੋਂ ਉਸਦੀਆਂ ਤਸਵੀਰਾਂ ਵਾਇਰਲ ਹੋ ਗਈਆਂ ਜਿਸ ਵਿਚ ਉਹ ਉੱਤਰ ਪ੍ਰਦੇਸ਼ ਵਿਚ ਇਕ ਸਮਾਗਮ ਵਿਚ ਨਜ਼ਰ ਆ ਰਿਹਾ ਸੀ।

ਉਹਨਾਂ ਕਿਹਾ ਕਿ ਕਲੇਰ ਨੂੰ ਸਿਰਫ ਇਕ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਤੇ ਉਸ ਵਿਚ ਵੀ ਉਹ ਦੋ ਮਹੀਨੇ ਵਿਚ ਜ਼ਮਾਨਤ ਲੈਣ ਵਿਚ ਕਾਮਯਾਬ ਹੋ ਗਿਆ। ਉਹਨਾਂ ਕਿਹਾ ਕਿ ਉਸਦੇ ਖਿਲਾਫ ਦੋ ਕੇਸ ਹਾਲੇ ਵੀ ਪੈਂਡਿੰਗ ਹਨ ਅਤੇ ਇਹੀ ਕਾਰਣ ਹੈ ਕਿ ਕਲੇਰ ਹੁਣ ਅਕਾਲੀ ਦਲ ਦੇ ਖਿਲਾਫ ਆਪ ਸਰਕਾਰ ਦੀ ਭਾਸ਼ਾ ਬੋਲ ਰਿਹਾ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ