ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਅਗਸਤ 28, 2024:
ਅਮਰੀਕਾ ਦੇ ਫਲੋਰਿਡਾ ਰਾਜ ਦੇ ਇਕ ਸਾਬਕਾ ਡਿਪਟੀ ਨੂੰ ਯੂ ਐਸ ਏਅਰ ਫੋਰਸ ਦੇ ਇਕ ਸੀਨੀਅਰ ਕਾਲੇ ਅਧਿਕਾਰੀ ਦੀ ਇਸ ਸਾਲ ਮਈ ਮਹੀਨੇ ਵਿਚ ਹੋਈ ਹੱਤਿਆ ਦੇ ਮਾਮਲੇ ਵਿਚ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ।
ਅਸਿਸਟੈਂਟ ਸਟੇਟ ਅਟਾਰਨੀ ਗਰੇ ਮੈਰਸੀਲੇ ਨੇ ਐਲਾਨ ਕੀਤਾ ਕਿ ਓਕਾਲੋਸਾ ਕਾਊਂਟੀ ਦੇ ਸਾਬਕਾ ਡਿਪਟੀ ਏਡੀ ਡੂਰਾਨ (38) ਵਿਰੁੱਧ 23 ਸਾਲਾ ਰੋਜਰ ਫੋਰਟਸਨ ਨੂੰ ਗੋਲੀਆਂ ਮਾਰ ਕੇ ਮਾਰ ਦੇਣ ਦੇ ਮਾਮਲੇ ਵਿਚ ਪਹਿਲਾ ਦਰਜਾ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ।
ਉਸ ਨੂੰ 30 ਸਾਲ ਤੱਕ ਕੈਦ ਹੋ ਸਕਦੀ ਹੈ।
ਅਧਿਕਾਰੀਆਂ ਅਨੁਸਾਰ ਡੂਰਾਨ ਨੂੰ ਫੋਰਟਸਨ ਦੇ ਫੋਰਟ ਵਾਲਟਨ ਬੀਚ ਅਪਾਰਟਮੈਂਟ ਵਿਚ ਘਰੇਲੂ ਗੜਬੜੀ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਭੇਜਿਆ ਗਿਆ ਸੀ। ਹਾਲਾਂ ਕਿ ਇਹ ਸੂਚਨਾ ਗਲਤ ਨਿਕਲੀ ਸੀ।
ਡੂਰਾਨ ਵੱਲੋਂ ਵਾਰ ਵਾਰ ਦਰਵਾਜ਼ਾ ਖੜਕਾਉਣ ‘ਤੇ ਫੋਰਟਸਨ ਨੇ ਆਪਣੇ ਹੱਥ ਵਿਚ ਹੈਂਡਗੰਨ ਲੈ ਕੇ ਦਰਵਾਜ਼ਾ ਖੋਲਿਆ ਤਾਂ ਡੂਰਾਨ ਨੇ ਉਸ ਉਪਰ ਗੋਲੀਆਂ ਚਲਾ ਦਿੱਤੀਆਂ।
ਫੋਰਟਸਨ ਦੇ ਕਈ ਗੋਲੀਆਂ ਮਾਰਨ ਉਪਰੰਤ ਡੂਰਾਨ ਨੇ ਉਸ ਨੂੰ ਹੈਂਡ ਗੰਨ ਹੇਠਾਂ ਸੁੱਟਣ ਲਈ ਕਿਹਾ।
ਡੂਰਾਨ ਨੇ ਜਾਂਚਕਾਰਾਂ ਨੂੰ ਦੱਸਿਆ ਕਿ ਜਦੋਂ ਫੋਰਟਸਨ ਦੇ ਦਰਵਾਜ਼ਾ ਖੋਲਿਆ ਤਾਂ ਉਸ ਨੇ ਉਸ ਦੀਆਂ ਅੱਖਾਂ ਵਿਚ ਗੁੱਸਾ ਵੇਖਿਆ।
ਡੂਰਾਨ ਨੇ ਕਿਹਾ ਕਿ ਮੈ ਸੋਚਿਆ ਕਿ ਉਹ ਮੈਨੂੰ ਮਾਰ ਦੇਵੇਗਾ ਇਸ ਲਈ ਮੈ ਉਸ ਉਪਰ ਗੋਲੀ ਚਲਾ ਦਿੱਤੀ।