ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਸਤੰਬਰ 10, 2024:
ਅਮਰੀਕਾ ਦੀ ਲੌਰੇਲ ਕਾਊਂਟੀ, ਕੈਂਟੁਕੀ ਰਾਜ ਦੇ ਦਿਹਾਤੀ ਖੇਤਰ ਵਿਚ ਇੰਟਰਸਟੇਟ ‘ਤੇ ਹੋਈ ਗੋਲੀਬਾਰੀ ਵਿਚ 5 ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਸ਼ੈਰਿਫ ਦਫਤਰ ਅਨੁਸਾਰ ਸ਼ੱਕੀ ਫਰਾਰ ਹੈ ਤੇ ਉਸ ਨੂੰ ਲੈਕਸਿੰਗਟਨ ਦੇ ਦੱਖਣ ਵਿਚ ਵੇਖਿਆ ਗਿਆ ਹੈ।
ਲੌਰੇਲ ਕਾਊਂਟੀ ਸ਼ੈਰਿਫ ਦਫਤਰ ਦੇ ਲੋਕ ਮਾਮਲਿਆਂ ਬਾਰੇ ਡਿਪਟੀ ਗਿਲਬਰਟ ਐਕੀਆਰਡੋ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਸਾਰੇ ਜ਼ਖਮੀਆਂ ਦੀ ਹਾਲਤ ਸਥਿੱਰ ਹੈ ਤੇ ਘਟਨਾ ਵਿਚ ਸ਼ਾਮਿਲ ਇਕੋ ਇੱਕ ਸ਼ੱਕੀ ਨੂੰ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਉਨਾਂ ਕਿਹਾ ਕਿ ਸੂਚਨਾ ਮਿਲਣ ‘ਤੇ ਮੌਕੇ ਉਪਰ ਪੁੱਜੇ ਪੁਲਿਸ ਅਫਸਰਾਂ ਨੂੰ 9 ਵਾਹਣ ਮਿਲੇ ਹਨ ਜਿਨਾਂ ਉਪਰ ਗੋਲੀਆਂ ਚਲਾਈਆਂ ਗਈਆਂ ਹਨ। ਇਨਾਂ ਵਿਚ ਉੱਤਰ ਤੇ ਦੱਖਣ ਦੋਵਾਂ ਪਾਸਿਆਂ ਨੂੰ ਜਾਣ ਵਾਲੇ ਵਾਹਣ ਸ਼ਾਮਿਲ ਹਨ।
ਐਕੀਆਰਡੋ ਨੇ ਸਪੱਸ਼ਟ ਕੀਤਾ ਕਿ ਘਟਨਾ ਵਿਚ ਜ਼ਖਮੀ ਹੋਏ ਸਾਰੇ ਲੋਕਾਂ ਦੇ ਗੋਲੀਆਂ ਵੱਜੀਆਂ ਹਨ। ਲੰਡਨ ਪੁਲਿਸ ਵਿਭਾਗ ਨੇ ਸ਼ੱਕੀ ਦੀ ਪਛਾਣ 32 ਸਾਲਾ ਜੋਸਫ ਏ ਕੌਚ ਵਜੋਂ ਕੀਤੀ ਹੈ।
ਵਿਭਾਗ ਨੇ ਸ਼ੱਕੀ ਦਾ ਹੁਲੀਆ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਇਕ ਗੋਰਾ ਹੈ ਜੋ ਹਥਿਆਰਬੰਦ ਹੈ ਤੇ ਖਤਰਨਾਕ ਹੈ।
ਉਹ 5 ਫੁੱਟ 10 ਇੰਚ ਲੰਬਾ ਹੈ ਤੇ ਉਸ ਦਾ ਭਾਰ 154 ਪੌਂਡ ਦੇ ਕਰੀਬ ਹੈ। ਲੰਡਨ ਦੇ ਮੇਅਰ ਰੈਂਡਾਲ ਵੈਡਲ ਨੇ ਕਿਹਾ ਹੈ ਕਿ ਜਿਥੇ ਸ਼ੱਕੀ ਲੁੱਕਿਆ ਹੈ, ਉਸ ਖੇਤਰ ਬਾਰੇ ਅਸੀਂ ਜਾਣਦੇ ਹਾਂ ਤੇ ਇਸ ਸਬੰਧੀ ਇਸ ਤੋਂ ਵਧ ਹੋਰ ਜਾਣਕਾਰੀ ਉਹ ਨਹੀਂ ਦੇ ਸਕਦੇ।