Monday, September 16, 2024
spot_img
spot_img
spot_img

ਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਛੇਵੇਂ ਦਿਨ ਚੰਡੀਗੜ੍ਹ ‘ਚ ਲਾਇਆ ਮੋਰਚਾ ਜੇਤੂ ਨਾਹਰਿਆਂ ਦੀ ਗੂੰਜ ਨਾਲ ਸਮਾਪਤ

ਦਲਜੀਤ ਕੌਰ
ਚੰਡੀਗੜ੍ਹ, 6 ਸਤੰਬਰ, 2024

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਚੰਡੀਗੜ੍ਹ ਵਿਖੇ ਲਾਇਆ ਮਜ਼ਦੂਰ ਕਿਸਾਨ ਤੇ ਵਾਤਾਵਰਨ ਪੱਖੀ ਖੇਤੀ ਨੀਤੀ ਮੋਰਚਾ ਅੱਜ ਛੇਵੇਂ ਦਿਨ ਜੇਤੂ ਨਾਹਰਿਆਂ ਦੀ ਗੂੰਜ ਵਿੱਚ ਸਮਾਪਤ ਕਰ ਦਿੱਤਾ ਗਿਆ।

ਕੱਲ੍ਹ ਦੇਰ ਸ਼ਾਮ ਮੁੱਖ ਮੰਤਰੀ ਵੱਲੋਂ ਕਿਸਾਨ ਤੇ ਖੇਤ ਮਜ਼ਦੂਰ ਜਥੇਬੰਦੀ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਤੋਂ ਬਾਅਦ ਅੱਜ ਸਵੇਰੇ ਦੋਹਾਂ ਜਥੇਬੰਦੀਆਂ ਵੱਲੋਂ ਸਰਕਾਰ ਦੁਆਰਾ 30 ਸਤੰਬਰ ਤੱਕ ਖੇਤੀ ਨੀਤੀ ਜਨਤਕ ਕਰਨ ਸਮੇਤ ਕਈ ਹੋਰ ਅਹਿਮ ਮੰਗਾਂ ਨੂੰ ਪ੍ਰਵਾਨਗੀ ਦੇਣ ਦੇ ਮੱਦੇਨਜ਼ਰ ਇਹ ਮੋਰਚਾ ਸਮਾਪਤ ਕਰਨ ਦਾ ਐਲਾਨ ਕੀਤਾ ਗਿਆ।

ਦੋਹਾਂ ਜਥੇਬੰਦੀਆਂ ਨੇ ਇਹ ਵੀ ਐਲਾਨ ਕੀਤਾ ਕਿ ਸਰਕਾਰ ਦੁਆਰਾ ਜਾਰੀ ਕੀਤੀ ਜਾਣ ਵਾਲੀ ਖੇਤੀ ਨੀਤੀ ਮਿਲਣ ਤੋਂ ਬਾਅਦ ਉਸ ਉੱਪਰ ਨਜ਼ਰਸਾਨੀ ਕਰਨ ਅਤੇ ਪ੍ਰਵਾਨ ਕੀਤੀਆਂ ਮੰਗਾਂ ਦੀ ਅਮਲਦਾਰੀ ਤਸੱਲੀਬਖ਼ਸ਼ ਨਾ ਹੋਣ ਦੀ ਸੂਰਤ ਵਿੱਚ 30 ਸਤੰਬਰ ਤੋਂ ਪਿੱਛੋਂ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ ਜੋ ਚੰਡੀਗੜ੍ਹ ਮੋਰਚੇ ਨਾਲੋਂ ਵੀ ਸਖ਼ਤ ਹੋ ਸਕਦਾ ਹੈ।

ਇਹ ਐਲਾਨ ਅੱਜ ਬੀਕੇਯੂ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਵੱਲੋਂ ਕੀਤਾ ਗਿਆ।

ਅੱਜ ਮੋਰਚੇ ਦੇ ਆਖਰੀ ਦਿਨ ਜੁੜੇ ਭਾਰੀ ਇਕੱਠ ਨੂੰ ਕਿਸਾਨ ਆਗੂ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾ, ਜਗਤਾਰ ਸਿੰਘ ਕਾਲਾਝਾੜ, ਜਨਕ ਸਿੰਘ ਭੁਟਾਲ, ਜਸਵਿੰਦਰ ਸਿੰਘ ਬਰਾਸ, ਮਹਿਲਾ ਕਿਸਾਨ ਆਗੂ ਕੁਲਦੀਪ ਕੌਰ ਕੁੱਸਾ, ਖੇਤ ਮਜ਼ਦੂਰ ਆਗੂ ਹਰਮੇਸ਼ ਮਾਲੜੀ, ਹਰਭਗਵਾਨ ਸਿੰਘ ਮੂਣਕ, ਮੇਜ਼ਰ ਸਿੰਘ ਕਾਲੇਕੇ ਤੇ ਗੁਰਪਾਲ ਸਿੰਘ ਨੰਗਲ ਆਦਿ ਕਿਸਾਨ-ਮਜ਼ਦੂਰ ਆਗੂਆਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਅਨੇਕਾਂ ਦੁਸ਼ਵਾਰੀਆਂ ਦੇ ਬਾਵਜੂਦ ਛੇ ਦਿਨ ਮੋਰਚੇ ‘ਚ ਵੱਡੀ ਗਿਣਤੀ ਔਰਤਾਂ ਸਮੇਤ ਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਪੂਰੀ ਦ੍ਰਿੜ੍ਹਤਾ ਤੇ ਜ਼ਬਤਬੱਧ ਤਰੀਕੇ ਨਾਲ ਡਟੇ ਰਹਿਣ ਲਈ ਉਹਨਾਂ ਦਾ ਧੰਨਵਾਦ ਕੀਤਾ।

ਉਹਨਾਂ ਆਖਿਆ ਕਿ ਆਪਣੀ ਰਾਜਧਾਨੀ ਚੰਡੀਗੜ੍ਹ ਵਿਖੇ ਛੇ ਦਿਨ ਲਈ ਮੋਰਚਾ ਲਾਉਣ ਅਤੇ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਜਮਹੂਰੀ ਹੱਕ ਪੁਗਾਉਣ ਤੋਂ ਇਲਾਵਾ ਖੇਤੀ ਨੀਤੀ ਜਨਤਕ ਕਰਾਉਣ ਦਾ ਐਲਾਨ ਕਰਾਉਣ, ਲੈਂਡ ਮਾਰਗੇਜ਼ ਤੇ ਕੋਆਪਰੇਟਿਵ ਬੈਂਕ ਕਰਜ਼ਿਆਂ ਦਾ ਯਕਮੁਸ਼ਤ ਨਿਪਟਾਰਾ ਕਰਨ, ਖੁਦਕੁਸ਼ੀ ਪੀੜਤਾਂ ਦਾ 2010 ਤੋਂ ਬਾਅਦ ਸਰਵੇਖਣ ਕਰਕੇ ਉਹਨਾਂ ਨੂੰ ਮੁਆਵਜ਼ਾ ਦੇਣ, ਮਜ਼ਦੂਰਾਂ ਦੇ ਕੱਟੇ ਪਲਾਟਾਂ ਦੇ ਤਿੰਨ ਤੋਂ ਛੇ ਮਹੀਨੇ ‘ਚ ਕਬਜ਼ੇ ਦੇਣ, ਲਾਲ਼ ਲਕੀਰ ਅੰਦਰਲੇ ਘਰਾਂ ਨੂੰ ਸਮਾਂਬੱਧ ਮਾਲਕੀ ਹੱਕ ਦੇਣ ਸਮੇਤ ਕਈ ਹੋਰ ਮੰਗਾਂ ਬਾਰੇ ਪੰਜਾਬ ਸਰਕਾਰ ਨੂੰ ਹਾਮੀ ਭਰਨ ਲਈ ਮਜਬੂਰ ਕਰਨਾ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਇਸ ਮੋਰਚੇ ਦੀਆਂ ਗਿਣਨਯੋਗ ਪ੍ਰਾਪਤੀਆਂ ਹਨ।

ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਟਾਲ ਮਟੋਲ ਕੀਤੀ ਗਈ ਤਾਂ ਉਹ 30 ਸਤੰਬਰ ਤੋਂ ਬਾਅਦ ਅਗਲੇ ਸੰਘਰਸ਼ ਕਰਨ ਦਾ ਐਲਾਨ ਕਰਨਗੇ।

ਇਸ ਮੌਕੇ ਇੱਕ ਮਤਾ ਪਾਸ ਕਰਕੇ ਸੰਗਰੂਰ ਵਿਖੇ ਕੰਮਪਿਊਟਰ ਅਧਿਆਪਕਾਂ ਤੇ ਲਾਠੀਚਾਰਜ ਕਰਨ ਅਤੇ 3 ਸਤੰਬਰ ਨੂੰ ਮੁਲਾਜ਼ਮਾਂ ਵੱਲੋਂ ਚੰਡੀਗੜ੍ਹ ਵਿਖੇ ਕੀਤੇ ਪ੍ਰਦਰਸ਼ਨ ਉਪਰੰਤ ਉਹਨਾਂ ਉਤੇ ਕੇਸ ਦਰਜ ਕਰਨ ਦੀ ਨਿਖੇਧੀ ਕਰਦਿਆਂ ਇਹ ਕੇਸ ਵਾਪਸ ਲੈਣ ਦੀ ਮੰਗ ਕੀਤੀ ਗਈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

ਅੱਜ ਨਾਮਾ – ਤੀਸ ਮਾਰ ਖ਼ਾਂ