ਯੈੱਸ ਪੰਜਾਬ
ਚੰਡੀਗੜ੍ਹ, 16 ਦਸੰਬਰ, 2024
Shiromani Akali Dal ਦੇ ਸੀਨੀਅਰ ਆਗੂ ਤੇ Bathinda ਦੇ MP ਸਰਦਾਰਨੀ Harsimrat Kaur Badal ਨੇ ਅੱਜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ MSP ਨੂੰ ਕਾਨੂੰਨੀ ਗਰੰਟੀ ਬਣਾਉਣ ਸਮੇਤ ਕਿਸਾਨਾਂ ਦੀਆਂ ਮੰਨਾਂ ਪ੍ਰਵਾਨ ਕਰੇ ਤਾਂ ਜੋ ਕਿਸਾਨ ਆਗੂ Jagjit Singh Dallewal ਦੀ ਜਾਨ ਬਚਾਈ ਜਾ ਸਕੇ ਜੋ ਪਿਛਲੇ 21 ਦਿਨਾਂ ਤੋਂ ਮਰਨ ਵਰਤ ’ਤੇ ਹਨ।
ਸੰਸਦ ਵਿਚ ਅੱਜ ਸੀਨੀਅਰ ਕਿਸਾਨ ਆਗੂ ਦੀ ਨਾਜ਼ੁਕ ਹਾਲਤ ਦਾ ਮੁੱਦਾ ਚੁੱਕਦਿਆਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ 4 ਸਾਲ ਪਹਿਲਾਂ ਤਿੰਨ ਖੇਤੀ ਕਾਨੂੰਨ ਰੱਦ ਕਰਨ ਸਮੇਂ ਕਿਸਾਨਾਂ ਨੂੰ ਵਾਅਦਾ ਕੀਤਾ ਸੀ ਕਿ ਉਹਨਾਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣਗੀਆਂ।
ਉਹਨਾਂ ਕਿਹਾ ਕਿ ਇਕ ਕਮੇਟੀ ਗਠਿਤ ਕਰਨ ਦਾ ਵਾਅਦਾ ਕੀਤਾ ਗਿਆ ਸੀ ਜੋ ਕਿਸਾਨਾਂ ਦੀਆਂ ਸਾਰੀਆਂ ਮੰਗਾਂ ’ਤੇ ਵਿਚਾਰ ਕਰੇਗੀ ਪਰ ਕਿਸਾਨ ਅੰਦੋਲਨ ਵਿਚ 700 ਕਿਸਾਨਾਂ ਵੱਲੋਂ ਸ਼ਹਾਦਤ ਦੇਣ ਦੇ ਬਾਵਜੂਦ ਉਹਨਾਂ ਦੀਆਂ ਮੰਗਾਂ ਹਾਲੇ ਤੱਕ ਨਹੀਂ ਮੰਨੀਆਂ ਗਈਆਂ।
ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸੁਪਰੀਮ ਕੋਰਟ ਵੱਲੋਂ ਸੂਬਾ ਤੇ ਕੇਂਦਰ ਸਰਕਾਰ ਦੋਵਾਂ ਨੂੰ ਸ੍ਰੀ ਡੱਲੇਵਾਲ ਨੂੰ ਆਪਣੀ ਮਰਨ ਵਰਤ ਖਤਮ ਕਰਨ ਲਈ ਰਾਜ਼ੀ ਕਰਨ ਦੀ ਹਦਾਇਤ ਦੇਣ ਦੇ ਬਾਵਜੂਦ ਕੇਂਦਰ ਨੇ ਇਕ ਜੂਨੀਅਰ ਅਧਿਕਾਰੀ ਦੀ ਡਿਊਟੀ ਲਗਾ ਦਿੱਤੀ ਹੈ ਜੋ ਕੋਈ ਵੀ ਪੇਸ਼ਕਸ਼ ਨਹੀਂ ਕਰ ਸਕਦਾ ਅਤੇ ਉਹ ਸਿਰਫ ਇਹ ਕਹਿ ਕੇ ਮੁੜ ਗਿਆ ਕਿ ਉਹ ਤਾਂ ਕਿਸਾਨਾਂ ਦੇ ਵਿਚਾਰ ਸੁਣਨ ਆਇਆ ਸੀ।
ਉਹਨਾਂ ਕਿਹਾ ਕਿ ਸ੍ਰੀ ਡੱਲੇਵਾਲ ਦੀ ਜਾਨ ਬਚਾਉਣ ਲਈ ਫੌਰੀ ਕਾਰਵਾਈ ਦੀ ਜ਼ਰੂਰਤ ਹੈ ਅਤੇ ਇਸ ਲਈ ਕੇਂਦਰ ਸਰਕਾਰ ਨੂੰ ਐਮ ਐਸ ਪੀ, ਕਰਜ਼ਾ ਮੁਆਫੀ, ਕਿਸਾਨਾਂ ਅਤੇ ਖੇਤੀਬਾੜੀ ਵਰਕਰਾਂ ਲਈ ਪੈਨਸ਼ਨ ਸਮੇਤ ਸਾਰੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ ਅਤੇ ਭਰੋਸਾ ਦੁਆਇਆ ਜਾਣਾ ਚਾਹੀਦਾ ਹੈ ਕਿ ਖੇਤੀਬਾੜੀ ਸੈਕਟਰ ਲਈ ਬਿਜਲੀ ਦਰਾਂ ਵਿਚ ਵਾਧਾ ਨਹੀਂ ਕੀਤਾ ਜਾਵੇਗਾ, ਪੁਲਿਸ ਕੇਸ ਵਾਪਸ ਲਏ ਜਾਣਗੇ ਅਤੇ 2021 ਦੀ ਲਖੀਮਪੁਰ ਖੀਰੀ ਹਿੰਸਾ ਤੋਂ ਪ੍ਰਭਾਵਤ ਲੋਕਾਂ ਨੂੰ ਨਿਆਂ ਮਿਲੇਗਾ।
ਸਰਦਾਰਨੀ ਬਾਦਲ ਨੇ ਆਮ ਆਦਮੀ ਪਾਰਟੀ (ਆਪ) ਦੀ ਇਸ ਗੱਲੋਂ ਨਿਖੇਧੀ ਕੀਤੀ ਕਿ ਉਹ ਕਿਸਾਨ ਆਗੂ ਦਾ ਮਰਨ ਵਰਤ 21ਵੇਂ ਦਿਨ ਵਿਚ ਦਾਖਲ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਨੂੰ ਮਾਮਲੇ ਦੀ ਨਾਜ਼ੁਕਤਾ ਬਾਰੇ ਦੱਸ ਨਹੀਂ ਸਕੀ। ਉਹਨਾਂ ਕਿਹਾ ਕਿ ਆਪ ਸਰਕਾਰ ਹਾਲਾਤ ਦੀ ਗੰਭੀਰਤਾ ਬਾਰੇ ਕੇਂਦਰ ਸਰਕਾਰ ਨੂੰ ਦੱਸ ਨਹੀਂ ਸਕੀ।