ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਸਤੰਬਰ 28, 2024:
ਨਿਊਯਾਰਕ ਦੇ ਮੇਅਰ ਐਰਿਕ ਐਡਮਜ ਵਿਰੁੱਧ ਸੰਘੀ ਰਿਸ਼ਵਤਖੋਰੀ, ਧੋਖੇਬਾਜ਼ੀ ਤੇ ਫੰਡ ਇਕੱਠਾ ਕਰਨ ਲਈ ਗੈਰ ਕਾਨੂੰਨੀ ਮੁਹਿੰਮ ਚਲਾਉਣ ਸਮੇਤ ਹੋਰ ਕਈ ਦੋਸ਼ ਆਇਦ ਕੀਤੇ ਗਏ ਹਨ। ਸ਼ਹਿਰ ਦਾ ਐਡਮਜ ਪਹਿਲਾ ਮੇਅਰ ਹੈ ਜਿਸ ਵਿਰੁੱਧ ਅਹੁੱਦੇ ‘ਤੇ ਰਹਿੰਦਿਆਂ ਅਪਰਾਧਕ ਦੋਸ਼ ਆਇਦ ਕੀਤੇ ਗਏ ਹਨ।
ਜਨਤਿਕ ਕੀਤੇ ਗਏ 57 ਸਫਿਆਂ ਦੇ ਦੋਸ਼ ਪੱਤਰ ਅਨੁਸਾਰ ਐਡਮਜ ਤੁਰਕਿਸ਼ ਸਰਕਾਰ ਦਾ ਏਜੰਟ ਸੀ ਤੇ ਉਸ ਨੇ ਫੰਡ ਜੁਟਾਉਣ ਲਈ ਗੈਰ ਕਾਨੂੰਨੀ ਮੁਹਿੰਮ ਚਲਾਈ ਤੇ ਵਿਸ਼ਵ ਭਰ ਵਿਚ ਮੁਫਤ ਘੁੰਮਿਆ। ਯੂ ਐਸ ਅਟਾਰਨੀ ਡਮੀਅਨ ਵਿਲੀਅਮਜ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਐਡਮਜ ਨੇ ਰਿਸ਼ਵਤ ਲੈਣ ਲਈ ਸ਼ਹਿਰ ਦੇ ਸਭ ਤੋਂ ਉੱਚੇ ਚੁਣੇ ਹੋਏ ਅਹੁੱਦੇ ਦੀ ਦੁਰਵਰਤੋਂ ਕੀਤੀ।
ਦੋਸ਼ ਪੱਤਰ ਅਨੁਸਾਰ ਐਡਮਜ ਨੇ ਸ਼ਹਿਰ ਦੀ ਜਨਤਿਕ ਮੁਹਿੰਮ ਵਿੱਤੀ ਪ੍ਰੋਗਰਾਮ ਤਹਿਤ 10 ਮਿਲਅਨ ਡਾਲਰ ਦੀ ਦੁਰਵਰਤੋਂ ਕੀਤੀ ਤੇ ਉਸ ਨੇ ਫਰਾਂਸ, ਚੀਨ, ਸ੍ਰੀ ਲੰਕਾ, ਭਾਰਤ, ਹੰਗਰੀ ਤੇ ਤੁਰਕੀ ਦੇ ਮੁਫਤ ਦੌਰਿਆਂ ਲਈ ਇਕ ਲੱਖ ਡਾਲਰ ਲਏ। ਦੋਸ਼ ਪੱਤਰ ਅਨੁਸਾਰ ਜਿਉਂ ਹੀ ਐਡਮਜ ਦੀ ਪ੍ਰਸਿੱਧੀ ਤੇ ਤਾਕਤ ਵਧੀ ਤਾਂ ਉਸ ਦੇ ਵਿਦੇਸ਼ੀ ਮੱਦਦਗਾਰਾਂ ਨੇ ਉਸ ਨਾਲ ਆਪਣੇ ਭ੍ਰਿਸ਼ਟ ਸੰਬਧਾਂ ਕਾਰਨ ਪੈਸੇ ਦੀ ਮੰਗ ਕੀਤੀ।
ਐਡਮਜ ਗੈਰ ਕਾਨੂੰਨੀ ਲਾਭਾਂ ਦੇ ਬਦਲੇ ਉਨਾਂ ਨਾਲ ਅਨੁਕੂਲ ਵਿਵਹਾਰ ਕਰਨ ਲਈ ਸਹਿਮਤ ਹੋਇਆ। ਇਸੇ ਦੌਰਾਨ ਮੇਅਰ ਉਪਰ ਅਸਤੀਫਾ ਦੇਣ ਲਈ ਦਬਾਅ ਪਾਇਆ ਜਾ ਰਿਹਾ ਹੈ ਪਰੰਤੂ ਮੇਅਰ ਜੋ ਸਾਬਕਾ ਪੁਲਿਸ ਕੈਪਟਨ ਹੈ, ਚੁਣੌਤੀ ਨੂੰ ਸਵਿਕਾਰ ਕਰਨ ਲਈ ਅਟੱਲ ਹੈ ਤੇ ਉਹ ਅਸਤੀਫਾ ਨਾ ਦੇਣ ‘ਤੇ ਅੜਿਆ ਹੋਇਆ ਹੈ।
ਐਡਮਜ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਪਿਛਲੇ 10 ਮਹੀਨਿਆਂ ਦੌਰਾਨ ਜੋ ਟੀਕਾ ਟਿਪਣੀ ਹੋਈ ਹੈ ਉਸ ਨਾਲ ਮੈਨੂੰ ਕੋਈ ਹੈਰਾਨੀ ਨਹੀਂ ਹੋਈ। ਮੈ ਨਿਊਯਾਰਕ ਵਾਸੀਆਂ ਨੂੰ ਕਹਿਣਾ ਚਹੁੰਦਾ ਹਾਂ ਕਿ ਉਹ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਮੇਰੇ ਵੱਲੋਂ ਮਾਮਲੇ ‘ਤੇ ਰਖੇ ਜਾਣ ਵਾਲੇ ਪੱਖ ਨੂੰ ਜਰੂਰ ਸੁਣਨ।
ਇਥੇ ਜਿਕਰਯੋਗ ਹੈ ਕਿ ਸੰਘੀ ਅਧਿਕਾਰੀਆਂ ਨੇ ਪਿਛਲੇ ਮਹੀਨਿਆਂ ਦੌਰਾਨ ਉਸ ਦਾ ਫੋਨ ਜ਼ਬਤ ਕਰ ਲਿਆ ਸੀ ਤੇ ਉਸ ਦੀ ਫੰਡ ਜੁਟਾਉਣ ਲਈ ਮੁਹਿੰਮ ਨਾਲ ਜੁੜੇ ਲੋਕਾਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਸੀ।