ਯੈੱਸ ਪੰਜਾਬ
ਨਵੀਂ ਦਿੱਲੀ, 17 ਸਤੰਬਰ, 2024
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਐਲਾਨ ਕੀਤਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਸਮੇਤ ਹੋਰ ਸਿੱਖ ਸ਼ਖਸੀਅਤਾਂ ਖਿਲਾਫ ਬੋਲਣ ’ਤੇ ਐਮ ਪੀ ਅਤੇ ਫਿਲਮੀ ਅਦਾਕਾਰਾ ਕੰਗਣਾ ਰਣੌਤ ਨੂੰ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਲੀਗਲ ਨੋਟਿਸ ਭੇਜਿਆ ਜਾਵੇਗਾ।
ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਕੰਗਣਾ ਰਣੌਤ ਭਾਵੇਂ ਜਿੰਨੀਆਂ ਮਰਜ਼ੀਆਂ ਫਿਲਮਾਂ ਬਣਾਵੇ ਅਤੇ ਆਪਣੇ ਵੱਲੋਂ ਜਿਹੋ ਜਿਹੀਆਂ ਮਰਜ਼ੀ ਫਿਲਮਾਂ ਬਣਾਵੇ ਪਰ ਉਸਨੂੰ ਸਿੱਖ ਜਰਨੈਲਾਂ ਦੀ ਕਿਰਦਾਰਕੁਸ਼ੀ ਦੀ ਆਗਿਆ ਕਦੇ ਵੀ ਨਹੀਂ ਦਿੱਤੀ ਜਾ ਸਕਦੀ। ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਇਕ ਧਾਰਮਿਕ ਸ਼ਖਸੀਅਤ ਸਨ ਜਿਹਨਾਂ ਨੇ ਕਦੇ ਵੀ ਖਾਲਿਸਤਾਨ ਦੀ ਮੰਗ ਨਹੀਂ ਕੀਤੀ। ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਦੇ ਨਾਂ ’ਤੇ ਸਿੱਖਾਂ ਦੀ ਕਿਰਦਾਰਕੁਸ਼ੀ ਦੀ ਕੰਗਣਾ ਰਣੌਤ ਨੂੰ ਕਦੇ ਵੀ ਆਗਿਆ ਨਹੀਂ ਦਿੱਤੀ ਜਾ ਸਕਦੀ।
ਉਹਨਾਂ ਕਿਹਾ ਕਿ ਕੰਗਣਾ ਰਣੌਤ ਭਾਵੇਂ ਆਪਣੇ ਮਨ ਵਿਚ ਕਿਸੇ ਬਾਰੇ ਕੋਈ ਵੀ ਭਰਮ ਪਾਲ ਲਵੇ ਪਰ ਜਨਤਕ ਤੌਰ ’ਤੇ ਉਸ ਵੱਲੋਂ ਸਿੱਖ ਜਰਨੈਲਾਂ ਖਿਲਾਫ ਕੀਤੀ ਜਾ ਰਹੀ ਬਿਆਨਬਾਜ਼ੀ ਕਿਸੇ ਵੀ ਤਰੀਕੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਨੇ ਭਾਜਪਾ ਦੀ ਸਿਖ਼ਰਲੀ ਲੀਡਰਸ਼ਿਪ ਸਮੇਤ ਸਮੁੱਚੇ ਦੇਸ਼ ਪ੍ਰਸਤਾਂ ਨੂੰ ਅਪੀਲ ਕੀਤੀ ਕਿ ਉਹ ਕੰਗਣਾ ਨੂੰ ਅਕਲ ਦੇਣ ਤਾਂ ਜੋ ਉਹ ਦੇਸ਼ ਭਗਤਾਂ ਖਿਲਾਫ ਆਪਣੀ ਸੌੜੀ ਸੋਚ ਵਾਲੀ ਬਿਆਨਬਾਜ਼ੀ ਬੰਦ ਕਰੇ।