ਯੈੱਸ ਪੰਜਾਬ
ਨਵੀਂ ਦਿੱਲੀ, 15 ਅਪ੍ਰੈਲ, 2025
Delhi Sikh Gurdwara Committee ਵੱਲੋਂ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੇ 350 ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠਾਂ ਦੀ ਲੜੀ ਅੱਜ ਇਥੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਸ਼ੁਰੂ ਹੋ ਗਈ।
ਇਸ ਮੌਕੇ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ, ਧਰਮ ਪ੍ਰਚਾਰ ਕਮੇਟੀ ਦੇ ਮੁਖੀ ਜਸਪ੍ਰੀਤ ਸਿੰਘ ਕਰਮਸਰ ਅਤੇ ਐਮ ਪੀ ਵਿਕਰਮਜੀਤ ਸਿੰਘ ਸਾਹਨੀ ਸਮੇਤ ਵੱਡੀ ਗਿਣਤੀ ਵਿਚ ਸ਼ਖਸੀਅਤਾਂ ਤੇ ਆਮ ਸੰਗਤ ਨੇ ਵੱਡੀ ਗਿਣਤੀ ਵਿਚ ਇਸ ਮੌਕੇ ਸ੍ਰੀ ਸਹਿਜ ਪਾਠ ਦੀ ਆਰੰਭਤਾ ਪਾਠ ਕਰ ਕੇ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ, ਸਰਦਾਰ ਜਗਦੀਪ ਸਿੰਘ ਕਾਹਲੋਂ ਤੇ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਵੱਡੀ ਖੁਸ਼ੀ ਹੈ ਕਿ ਅੱਜ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਇਥੇ ਸਹਿਜ ਪਾਠ ਦੀ ਆਰੰਭਤਾ ਮੌਕੇ ਹਾਜ਼ਰ ਹੋਈ ਹੈ। ਉਹਨਾਂ ਦੱਸਿਆ ਕਿ 25 ਨਵੰਬਰ ਨੂੰ ਸ਼ਹਾਦਤ ਦੇ 350ਵੇਂ ਦਿਹਾੜੇ ਮੌਕੇ ਇਸ ਸਹਿਜ ਪਾਠ ਦੀ ਸਮਾਪਤੀ ਉਸੇ ਲਾਲ ਕਿਲ੍ਹੇ ’ਤੇ ਹੋਵੇਗੀ ਜਿਸ ਲਾਲ ਕਿਲ੍ਹੇ ’ਤੇ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ।
ਉਹਨਾਂ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਆਖੰਡ ਕੀਰਤਨੀ ਜੱਥੇ, ਸਿੰਘ ਸਭਾਵਾਂ ਸਮੇਤ ਹੋਰ ਸਿੱਖ ਸੰਸਥਾਵਾਂ ਨੇ ਇਸ ਮੁਹਿੰਮ ਵਿਚ ਵੱਧ ਚੜ੍ਹ ਕੇ ਸਹਿਯੋਗ ਦਿੱਤਾ ਹੈ ਤੇ ਵੱਡੀ ਗਿਣਤੀ ਵਿਚ ਸੰਗਤ ਨੇ ਰਜਿਸਟਰੇਸ਼ਨ ਕਰਵਾਈ ਹੈ। ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੀਆਂ ਸੰਗਤਾਂ ਨੂੰ ਪਾਠਾਂ ਵਾਸਤੇ ਸੈਂਚੀਆਂ ਦੀ ਜ਼ਰੂਰਤ ਹੈ, ਉਹ ਆਪੋ ਆਪਣੀ ਰਜਿਸਟਰੇਸ਼ਨ ਦਿੱਲੀ ਗੁਰਦੁਆਰਾ ਕਮੇਟੀ ਕੋਲ ਕਰਵਾਉਣ ਤਾਂ ਜੋ ਸੈਂਚੀਆਂ ਦਾ ਦੂਜਾ ਭਾਗ ਸੰਗਤਾਂ ਦੇ ਕੋਲ ਪਹੁੰਚਾਇਆ ਜਾ ਸਕੇ।
ਉਹਨਾਂ ਸੰਗਤਾਂ ਨੂੰ ਇਹ ਵੀ ਅਪੀਲ ਕੀਤੀ ਕਿ 18 ਅਪ੍ਰੈਲ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ’ਤੇ ਗੁਰਦੁਆਰਾ ਸੀਸਗੰਜ ਸਾਹਿਬ ਵਿਚ ਦੁਪਹਿਰ 3.00 ਵਜੇ ਤੋਂ ਦੇਰ ਰਾਤ ਤੱਕ ਰੂਹਾਨੀ ਕੀਰਤਨ ਦਰਬਾਰ ਸਜਾਏ ਜਾਣਗੇ। ਇਸੇ ਤਰੀਕੇ 19 ਅਤੇ 20 ਅਪ੍ਰੈਲ ਨੂੰ ਦਿੱਲੀ ਫਤਿਹ ਦਿਵਸ ਮਨਾਇਆ ਜਾਵੇਗਾ। 19 ਅਪ੍ਰੈਲ ਨੂੰ ਲਾਲ ਕਿਲ੍ਹੇ ’ਤੇ ਕੀਰਤਨ ਦੀਵਾਨ ਸਜਾਏ ਜਾਣਗੇ ਤੇ 20 ਅਪ੍ਰੈਲ ਨੂੰ ਜਰਨੈਲੀ ਮਾਰਚ ਹੋਵੇਗਾ ਜੋ ਲਾਲ ਕਿਲ੍ਹੇ ’ਤੇ ਜਾ ਕੇ ਸਮਾਪਤ ਹੋਵੇਗਾ।