ਯੈੱਸ ਪੰਜਾਬ
ਨਵੀਂ ਦਿੱਲੀ, ਅਗਸਤ 31, 2024:
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਾਊਜ਼ ਅਵੈਨਿਊ ਕੋਰਟ ਵੱਲੋਂ 1984 ਦੇ ਸਿੱਖ ਕਤਲੇਆਮ ਕੇਸ ਵਿਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖਿਲਾਫ ਕਤਲ ਤੇ ਹੋਰ ਧਾਰਵਾਂ ਤਹਿਤ ਚਾਰਜ਼ਿਜ਼ ਫਰੇਮ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਅਖੀਰ 40 ਸਾਲਾਂ ਬਾਅਦ ਸਿੱਖ ਕੌਮ ਨੂੰ ਨਿਆ ਮਿਲਣ ਦੀ ਉਮੀਦ ਜਾਗੀ ਹੈ।
ਇਥੇ ਰਾਊਜ਼ ਅਵੈਨਿਊ ਕੋਰਟ ਵੱਲੋਂ ਸੁਣਾਏ ਫੈਸਲੇ ਮਗਰੋਂ ਅਦਾਲਤ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ , ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਅਤੇ ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ ਨੇ ਕਿਹਾ ਕਿ ਟਾਈਟਲਰ ਖਿਲਾਫ ਧਾਰਾ 143, 147, 153 ਏ, 188, 295, 436, 451, 380, 149, 302 ਅਤੇ 109 ਆਈ ਪੀ ਸੀ ਤਹਿਤ ਚਾਰਜ਼ਿਜ਼ ਫਰੇਮ ਕਰਨ ਦਾ ਫੈਸਲਾ ਅਦਾਲਤ ਨੇ ਸੁਣਾਇਆ ਹੈ।
ਉਹਨਾਂ ਕਿਹਾ ਕਿ 40 ਸਾਲਾਂ ਬਾਅਦ ਸਾਡੀ ਕੌਮ ਦੀ ਆਵਾਜ਼ ਸੁਣੀ ਗਈ ਕਿਉਂਕਿ ਸਾਨੂੰ ਨਿਆਂ ਪਾਲਿਕਾ ’ਤੇ ਪੂਰਨ ਭਰੋਸਾ ਹੈ। ਉਹਨਾਂ ਕਿਹਾ ਕਿ ਕੇਂਦਰ ਵਿਚ ਕਾਂਗਰਸ ਦੀ ਅਗਵਾਈ ਵਾਲੀਆਂ ਸਮੇਂ ਦੀਆਂ ਸਰਕਾਰਾਂ ਨੇ ਵਾਰ-ਵਾਰ ਟਾਈਟਲਰ ਨੂੰ ਕਲੀਨ ਚਿੱਟ ਦਿੱਤੀ ਹਾਲਾਂਕਿ ਉਸਦੇ 1984 ਦੇ ਸਿੱਖ ਕਤਲੇਆਮ ਕੇਸਾਂ ਵਿਚ ਸ਼ਾਮਲ ਹੋਣ ਦੇ ਪੁਖ਼ਤਾ ਸਬੂਤ ਸਨ।
ਉਹਨਾਂ ਕਿਹਾ ਕਿ ਜਦੋਂ ਇਹ ਦੋਸ਼ੀ ਸੱਤਾ ਵਿਚ ਸਨ ਤਾਂ ਇਹਨਾਂ ਨੇ ਤਿੰਨ ਵਾਰ ਆਪਣੇ ਆਪ ਨੂੰ ਕਲੀਨ ਚਿੱਟ ਦੁਆਈ।
ਉਹਨਾਂ ਕਿਹਾ ਕਿ ਜਦੋਂ ਸੱਤਾ ਤਬਦੀਲ ਹੋਈ ਤਾਂ ਸੀ ਬੀ ਆਈ ਨੇ ਬਾਰੀਕੀ ਨਾਲ ਕੇਸ ਦੀ ਜਾਂਚ ਕੀਤੀ ਅਤੇ ਹੁਣ ਇਹਨਾਂ ਦੇ ਖਿਲਾਫ ਚਾਰਜ਼ਿਜ਼ ਫਰੇਮ ਹੋ ਰਹੇ ਹਨ ਕਿਉਂਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਵੀ ਸੀ ਬੀ ਆਈ ਨਾਲ ਸੰਜੀਦਗੀ ਨਾਲ ਸਹਿਯੋਗ ਕਰਦਿਆਂ ਇਹ ਮੁਕਾਮ ਹਾਸਲ ਕੀਤਾ ਹੈ।
ਉਹਨਾਂ ਨੇ ਮਾਣਯੋਗ ਜੱਜ ਸਾਹਿਬ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਇੰਨੇ ਪੁਰਾਣੇ ਕੇਸ ਵਿਚ ਹੁਣ ਇਨਸਾਫ ਕੀਤਾ ਹੈ।
ਉਹਨਾਂ ਕਿਹਾ ਕਿ ਅੱਜ ਅਦਾਲਤ ਦਾ ਫੈਸਲਾ ਇਕ ਕੇਸ ਵਿਚ ਸਾਹਮਣੇ ਆਇਆ ਹੈ ਤੇ ਭਵਿੱਖ ਵਿਚ 1984 ਦੇ ਹੋਰ ਕੇਸਾਂ ਵਿਚ ਵੀ ਟਾਈਟਲਰ ਦੀ ਸ਼ਮੂਲੀਅਤ ਸਾਹਮਣੇ ਆ ਜਾਵੇਗੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਇਹ ਯਕੀਨੀ ਬਣਾਵੇਗੀ ਕਿ ਮਨੁੱਖਤਾ ਖਿਲਾਫ ਇਸ ਘਿਨੌਣੇ ਅਪਰਾਧ ਲਈ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ।
ਉਹਨਾਂ ਕਿਹਾ ਕਿ ਹੁਣ ਉਹ ਦਿਨ ਲੱਦ ਗਏ ਜਦੋ਼ ਕਾਂਗਰਸ ਦੇ ਹੁਕਮਾਂ ’ਤੇ ਪੁਲਿਸ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਹੋਰ ਏਜੰਸੀਆਂ ਧਰਤੀ ’ਤੇ ਇਸ ਸਭ ਤੋਂ ਘਿਨੌਣੇ ਹੱਤਿਆਕਾਂਡ ਲਈ ਟਾਈਟਲਰ ਤੇ ਹੋਰ ਦੋਸ਼ੀਆਂ ਨੂੰ ਵਾਰ-ਵਾਰ ਕਲੀਨ ਚਿੱਟ ਦਿੰਦੀਆਂ ਸਨ।
ਉਹਨਾਂ ਕਿਹਾ ਕਿ 2014 ਵਿਚ ਸ੍ਰੀ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਕੇਂਦਰ ਸਰਕਾਰ ਨੇ ਉਹਨਾਂ ਸਾਰੇ ਕੇਸਾਂ ਦੀ ਨਵੇਂ ਸਿਰੇ ਤੋਂ ਜਾਂਚ ਦੇ ਹੁਕਮ ਦਿੱਤੇ ਜਿਹੜੇ ਬੰਦ ਕਰ ਦਿੱਤੇ ਗਏ ਸਨ ਤੇ ਵਿਸ਼ੇਸ਼ ਐਸ ਆਈ ਟੀ ਗਠਿਤ ਕੀਤੀ ਗਈ ਅਤੇ ਹੁਣ ਨਤੀਜੇ ਲੋਕਾਂ ਸਾਹਮਣੇ ਹਨ।
ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਪਹਿਲਾਂ ਸੱਜਣ ਕੁਮਾਰ ਨੂੰ ਸਲਾਖਾਂ ਪਿੱਛੇ ਭੇਜਿਆ ਸੀ ਤੇ ਹੁਣ ਵੀ ਉਹ ਸਲਾਖਾਂ ਪਿੱਛੇ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਟਾਈਟਲਰ ਵੀ ਜਲਦੀ ਤੋਂ ਜਲਦੀ ਸਲਾਖਾਂ ਪਿੱਛੇ ਜਾਵੇ।
ਉਹਨਾਂ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੇ ਹੋਰ ਕੇਸਾਂ ਦੀ ਵੀ ਦਿੱਲੀ ਕਮੇਟੀ ਸੰਜੀਦਗੀ ਨਾਲ ਪੈਰਵੀ ਕਰ ਰਹੀ ਹੈ ਤੇ ਹਰ ਕੇਸ ਵਿਚ ਦੋਸ਼ੀਆਂ ਨੂੰ ਸਜ਼ਾ ਦੁਆਈ ਜਾਵੇਗੀ।