ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਅਕਤੂਬਰ 27, 2024:
ਡਾਊਨਟਾਊਨ ਮਿਲਵੌਕੀ ਵਿਚ ਇਕ ਸ਼ੱਕੀ ਸ਼ਰਾਬੀ ਡਰਾਈਵਰ ਵੱਲੋਂ ਗਲਤ ਪਾਸਿਉਂ ਆਪਣੀ ਕਾਰ ਕਮਲਾ ਹੈਰਿਸ ਦੇ ਕਾਫਲੇ ਸਾਹਮਣੇ ਲੈ ਆਉਣ ਦੀ ਖਬਰ ਹੈ। ਜਿਉਂ ਹੀ ਗਲਤ ਪਾਸੇ ਤੋਂ ਇਕ ਕਾਰ ਆਉਂਦੀ ਦਿੱਸੀ ਤਾਂ ਸੁਰੱਖਿਆ ਜਵਾਨ ਹਰਕਤ ਵਿਚ ਆ ਗਏ।
ਮਿਲਵੌਕੀ ਕਾਊਂਟੀ ਸੈਰਿਫ ਦਫਤਰ ਦੇ ਬੁਲਾਰੇ ਜੇਮਜ ਬਰਨੈਟ ਅਨੁਸਾਰ ਜਿਉਂ ਹੀ ਕਾਰ ਹੈਰਿਸ ਦੇ ਕਾਫਲੇ ਨੇੜੇ ਪੁੱਜੀ ਤਾਂ ਪੁਲਿਸ ਅਫਸਰਾਂ ਨੇ ਉਸ ਨੂੰ ਰੋਕ ਲਿਆ।
ਪੁਲਿਸ ਅਫਸਰਾਂ ਨੂੰ ਸ਼ੱਕ ਪਿਆ ਕਿ ਡਰਾਈਵਰ ਦੀ ਹਾਲਤ ਠੀਕ ਨਹੀਂ ਹੈ ਤੇ ਕਾਰ ਵਿਚ ਸ਼ਰਾਬ ਦੀ ਬੋਤਲ ਖੁਲੀ ਪਈ ਸੀ।
ਪੁਲਿਸ ਅਫਸਰਾਂ ਨੇ ਸ਼ੱਕੀ ਡਰਾਈਵਰ ਨੂੰ ਹੱਦ ਤੋਂ ਵਧ ਸ਼ਰਾਬ ਪੀ ਕੇ ਗੱਡੀ ਚਲਾਉਣ, ਲਾਪਰਵਾਹੀ ਵਰਤਣ ਤੇ ਸੁਰੱਖਿਆ ਲਈ ਖਤਰਾ ਪੈਦਾ ਕਰਨ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕਰ ਲਿਆ ਹੈ। ਸ਼ੈਰਿਫ ਦਫਤਰ ਅਨੁਸਾਰ ਇਸ ਘਟਨਾ ਵਿਚ ਕੋਈ ਜ਼ਖਮੀ ਨਹੀਂ ਹੋਇਆ ਹੈ।
ਸ਼ੈਰਿਫ ਦਫਤਰ ਨੇ ਘਟਨਾ ਸਬੰਧੀ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ। ਯੂ ਐਸ ਸੀਕਰੇਟ ਸਰਵਿਸ ਦੇ ਬੁਲਾਰੇ ਜੋ ਬੀਸਕ ਨੇ ਕਿਹਾ ਹੈ ਕਿ ਏਜੰਸੀ ਘਟਨਾ ਤੋਂ ਜਾਣੂ ਹੈ ਤੇ ਮਾਮਲਾ ਜਾਂਚ ਅਧੀਨ ਹੈ।