ਯੈੱਸ ਪੰਜਾਬ
ਟਾਂਡਾ/ਹੁਸ਼ਿਆਰਪੁਰ, 12 ਅਗਸਤ, 2024
ਉੜਮੁੜ ਵਿਧਾਨ ਸਭਾ ਹਲਕੇ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਧਰਮਪਤਨੀ ਡਾ. ਗੁਰਪ੍ਰੀਤ ਕੌਰ 14 ਅਗਸਤ ਨੂੰ ਟਾਂਡਾ ਦੇ ਵੜੈਚ ਫਾਰਮ ਵਿਚ ਆਯੋਜਿਤ ਹੋਣ ਵਾਲੇ ਤੀਆਂ ਦੇ ਤਿਉਹਾਰ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਇਸ ਖਾਸ ਮੌਕੇ ਟਾਂਡਾ ਅਤੇ ਆਸਪਾਸ ਦੇ ਖੇਤਰ ਦੀਆਂ ਮਹਿਲਾਵਾਂ ਲਈ ਤੀਆਂ ਦੇ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ।
ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਵੜੈਚ ਫਾਰਮ ਵਿਚ ਇਕ ਮਹੱਤਵਪੂਰਨ ਮੀਟਿੰਗ ਦੌਰਾਨ ਇਸ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਅਤੇ ਪ੍ਰਬੰਧਕੀ ਕਮੇਟੀ ਮੈਂਬਰਾਂ ਨੂੰ ਕਿਹਾ ਕਿ ਉਹ ਸਾਰੀਆਂ ਤਿਆਰੀਆਂ ਨੂੰ ਸਮੇਂ ਸਿਰ ਅਤੇ ਪੂਰੀ ਤਨਦੇਹੀ ਨਾਲ ਪੂਰਾ ਕਰਨ, ਤਾਂ ਜੋ ਤੀਆਂ ਦੇ ਤਿਉਹਾਰ ਦਾ ਆਯੋਜਨ ਸ਼ਾਨਦਾਰ ਅਤੇ ਸਫਲਤਾ ਪੂਰਵਕ ਹੋ ਸਕੇ।
ਮੀਟਿੰਗ ਦੌਰਾਨ ਐਸ.ਡੀ.ਐਮ ਟਾਂਡਾ ਵਿਓਮ ਭਾਰਦਵਾਜ, ਡੀ.ਐਸ.ਪੀ ਹਰਜੀਤ ਸਿੰਘ ਵੀ ਮੌਜੂਦ ਸਨ। ਉਨ੍ਹਾਂ ਨੇ ਵੀ ਤਿਆਰੀਆਂ ਦੀ ਸਮੀਖਿਆ ਕੀਤੀ ਅਤੇ ਸਬੰਧਤ ਵਿਭਾਗਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ।
ਵਿਧਾਇਕ ਜਸਵੀਰ ਸਿੰਘ ਗਿੱਲ ਨੇ ਕਿਹਾ ਕਿ ਤੀਆਂ ਦਾ ਇਹ ਤਿਉਹਾਰ ਸਾਡੇ ਸਮਾਜ ਵਿਚ ਮਹਿਲਾਵਾਂ ਦੇ ਉਤਸ਼ਾਹ ਅਤੇ ਸਮਰਪਣ ਦਾ ਪ੍ਰਤੀਕ ਹੈ ਅਤੇ ਇਸ ਵਾਰ ਇਸ ਆਯੋਜਨ ਨੂੰ ਹੋਰ ਖਾਸ ਬਣਾਉਣ ਲਈ ਮੁੱਖ ਮੰਤਰੀ ਦੀ ਧਰਮਪਤਨੀ ਡਾ. ਗੁਰਪ੍ਰੀਤ ਕੌਰ ਦੀ ਮੌਜੂਦਗੀ ਇਕ ਵਿਸ਼ੇਸ਼ ਮਹੱਤਵ ਰੱਖੇਗੀ।
ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿਚ ਖੇਤਰ ਦੀਆਂ ਮਹਿਲਾਵਾਂ ਲਈ ਕਈ ਸਭਿਆਚਾਰਕ ਅਤੇ ਮਨੋਰੰਜਕ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ, ਜਿਸ ਨਾਲ ਉਹ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲ ਜੁੜਿਆ ਮਹਿਸੂਸ ਕਰਨਗੀਆਂ। ਵਿਧਾਇਕ ਨੇ ਲੋਕਾਂ ਨੂੰ ਇਸ ਸਮਾਗਮ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।