ਯੈੱਸ ਪੰਜਾਬ
ਚੰਡੀਗੜ੍ਹ, 30 ਅਕਤੂਬਰ, 2024
ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਅਧੀਨ ਕੰਮ ਕਰਦੀਆਂ ਵਿਕਾਸ ਅਥਾਰਟੀਆਂ ਨੇ ਵੱਖ-ਵੱਖ ਪ੍ਰਾਪਰਟੀਆਂ ਦੀ ਈ-ਨਿਲਾਮੀ ਤੋਂ 2060 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਕੀਤਾ ਹੈ। ਨਿਲਾਮ ਕੀਤੀਆਂ ਪ੍ਰਾਪਰਟੀਆਂ ਵਿੱਚ ਵਿਕਾਸ ਅਥਾਰਟੀਆਂ ਦੇ ਅਧਿਕਾਰ ਖੇਤਰ ਵਿੱਚ ਪੈਂਦੀਆਂ ਗਰੁੱਪ ਹਾਊਸਿੰਗ, ਪੈਟਰੋਲ ਪੰਪ, ਹੋਟਲ ਸਾਈਟਾਂ,ਐਸ.ਸੀ.ਓ, ਬੂਥ, ਉਦਯੋਗਿਕ ਅਤੇ ਰਿਹਾਇਸ਼ੀ ਪਲਾਟ ਸ਼ਾਮਲ ਹਨ।
ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਕਿਹਾ ਈ-ਨਿਲਾਮੀ ਦੀ ਸਫਲਤਾ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਵਾਲੀ ਸਰਕਾਰ ਦੀ ਪਾਰਦਰਸ਼ਤਾ ਤੇ ਨਿਵੇਸ਼ ਪੱਖੀ ਨੀਤੀ ਸਿਰ ਜਾਂਦਾ ਹੈ।ਉਨ੍ਹਾਂ ਕਿਹਾ ਕਿ ਦੋ ਮਹੀਨੇ ਪਹਿਲਾਂ ਈ ਨਿਲਾਮੀ ਰਾਹੀਂ 3000 ਕਰੋੜ ਰੁਪਏ ਕਮਾਏ ਸਨ ਅਤੇ ਹੁਣ ਅੱਜ ਦੀ ਰਕਮ ਜੋੜ ਕੇ ਪਿਛਲੇ ਦੋ ਮਹੀਨਿਆਂ ਵਿੱਚ ਈ ਨਿਲਾਮੀ ਰਾਹੀਂ ਕੁੱਲ 5000 ਕਰੋੜ ਰੁਪਏ ਕਮਾ ਲਏ ਹਨ ਜਿਸ ਤੋਂ ਸਿੱਧ ਹੁੰਦਾ ਹੈ ਕਿ ਸਰਕਾਰ ਵੱਲੋਂ ਸ਼ਹਿਰੀ ਵਿਕਾਸ ਦੀਆਂ ਉਸਾਰੂ ਨੀਤੀਆਂ ਸਦਕਾ ਲੋਕਾਂ ਦਾ ਰੀਅਲ ਅਸਟੇਟ ਖੇਤਰ ਵਿੱਚ ਵਿਸ਼ਵਾਸ ਹੋਰ ਵੱਧ ਰਿਹਾ ਹੈ।
ਸ. ਮੁੰਡੀਆ ਨੇ ਕਿਹਾ ਕਿ ਹੁਣ 18 ਅਕਤੂਬਰ ਨੂੰ ਸ਼ੁਰੂ ਹੋਈ ਈ-ਨਿਲਾਮੀ ਕੱਲ੍ਹ ਦੇਰ ਸ਼ਾਮ ਸਮਾਪਤ ਹੋਈ।ਉਨ੍ਹਾਂ ਕਿਹਾ ਕਿ ਇੱਕ ਮਹੀਨੇ ਦੇ ਸਮੇਂ ਵਿੱਚ ਕਰਵਾਈਆਂ ਈ-ਨਿਲਾਮੀਆਂ ਨੂੰ ਮਿਲੇ ਭਰਵੇਂ ਹੁੰਗਾਰੇ ਤੋਂ ਸਪੱਸ਼ਟ ਹੈ ਕਿ ਨਿਵੇਸ਼ਕਾਂ ਨੂੰ ਸੂਬੇ ਵਿੱਚ ਲਿਆਉਣ ਦੀਆਂ ਮੁੱਖ ਮੰਤਰੀ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਨਿਲਾਮੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਰਹੀ ਅਤੇ ਜੋ ਲੋਕ ਜਾਂ ਤਾਂ ਆਪਣੇ ਸਿਰ ‘ਤੇ ਛੱਤ ਚਾਹੁੰਦੇ ਸਨ ਜਾਂ ਵਪਾਰਕ ਅਦਾਰੇ ਚਲਾਉਣਾ ਚਾਹੁੰਦੇ ਸਨ, ਉਨ੍ਹਾਂ ਦੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਹਨ।
ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਨੇ ਸਫਲ ਬੋਲੀਕਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਿਲਾਮ ਕੀਤੀਆਂ ਸਾਈਟਾਂ ਦਾ ਕਬਜ਼ਾ ਆਕਸ਼ਨ ਵਿੱਚ ਤੈਅ ਸਮੇਂ ਅਨੁਸਾਰ ਬੋਲੀਕਾਰਾਂ ਨੂੰ ਸੌਂਪ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਈ-ਨਿਲਾਮੀ ਦੇ ਨਤੀਜਿਆਂ ਤੋਂ ਪਤਾ ਚੱਲਦਾ ਹੈ ਕਿ ਬੋਲੀਕਾਰਾਂ ਨੇ ਰਾਜ ਭਰ ਵਿੱਚ ਉਪਲਬਧ ਪ੍ਰਾਪਰਟੀਆਂ ਵਿੱਚ ਦਿਲਚਸਪੀ ਦਿਖਾਈ, ਕਿਉਂਜੋ ਨਿਲਾਮ ਕੀਤੀਆਂ ਸਾਈਟਾਂ ਮੋਹਾਲੀ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ, ਬਠਿੰਡਾ ਅਤੇ ਸੰਗਰੂਰ ਵਿੱਚ ਸਥਿਤ ਹਨ।
ਸ. ਮੁੰਡੀਆ ਨੇ ਸੀ ਨਿਲਾਮੀ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਮੁਹਾਲੀ ਦੇ ਸੈਕਟਰ 83-ਏ, ਆਈ. ਟੀ. ਸਿਟੀ ਵਿਖੇ ਸਥਿਤ ਪੈਟਰੋਲ ਪੰਪ ਦੀ ਸਾਈਟ ਲਈ 31.16 ਕਰੋੜ ਰੁਪਏ ਦੀ ਬੋਲੀ ਪ੍ਰਾਪਤ ਹੋਈ। ਸੈਕਟਰ 78 ਦੀ ਗਰੁੱਪ ਹਾਊਸਿੰਗ ਸਾਈਟ ਲਈ 163.87 ਕਰੋੜ ਰੁਪਏ ਦੀ ਬੋਲੀ ਲੱਗੀ ਅਤੇ ਸੈਕਟਰ 78 ਦੀ ਹੀ ਹੋਟਲ ਸਾਈਟ 33.47 ਕਰੋੜ ਰੁਪਏ ਵਿੱਚ ਨਿਲਾਮ ਹੋਈ। ਇਸ ਤੋਂ ਇਲਾਵਾ ਸੈਕਟਰ 68 ਦੀਆਂ 4 ਕਮਰਸ਼ੀਅਲ ਸਾਈਟਾਂ, ਆਈ. ਟੀ. ਸਿਟੀ, ਸੈਕਟਰ 101-ਏ ਦੇ 5 ਉਦਯੋਗਿਕ ਪਲਾਟਾਂ ਅਤੇ ਮੁਹਾਲੀ ਦੇ ਵੱਖ -ਵੱਖ ਸੈਕਟਰਾਂ ਵਿੱਚ ਸਥਿਤ 334 ਰਿਹਾਇਸ਼ੀ ਪਲਾਟਾਂ, ਐਸ. ਸੀ. ਓ. ਅਤੇ ਬੂਥਾਂ ਲਈ ਵੀ ਬੋਲੀ ਪ੍ਰਾਪਤ ਹੋਈ।
ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਨੇ ਵਿਕਾਸ ਅਥਾਰਟੀਆਂ ਅਨੁਸਾਰ ਇਕੱਠੇ ਹੋਏ ਮਾਲੀਏ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਮਾਡਾ ਨੇ 1894 ਕਰੋੜ ਰੁਪਏ, ਗਲਾਡਾ ਨੇ 61.75 ਕਰੋੜ ਰੁਪਏ, ਬੀ.ਡੀ.ਏ. ਨੇ 16.08 ਕਰੋੜ ਰੁਪਏ, ਪੀ.ਡੀ.ਏ.
ਨੇ 59.62 ਕਰੋੜ ਰੁਪਏ, ਜੇ.ਡੀ.ਏ. ਨੇ 12.25 ਕਰੋੜ ਰੁਪਏ, ਏ.ਡੀ.ਏ. ਨੇ 16.30 ਕਰੋੜ ਰੁਪਏ ਕਮਾਏ ਜੋ ਕਿ ਸਾਰਿਆਂ ਦੀ ਰਕਮ ਮਿਲਾ ਕੇ ਕੁੱਲ ਕਮਾਈ 2060 ਕਰੋੜ ਰੁਪਏ ਬਣਦੀ ਹੈ।