ਯੈੱਸ ਪੰਜਾਬ
ਜਲੰਧਰ, 8 ਅਗਸਤ, 2024
ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਰਾਏਜ਼ਾਦਾ ਹੰਸਰਾਜ ਸਟੇਡੀਅਮ ਵਿਖੇ ਇੰਡੀਅਨ ਆਇਲ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। 11 ਅਗਸਤ ਤੱਕ ਚੱਲਣ ਵਾਲੀ ਇਸ ਚੈਂਪੀਅਨਸ਼ਿਪ ਦਾ ਉਦਘਾਟਨ ਵੀਰਵਾਰ ਨੂੰ ਡੀਸੀ ਡਾ: ਹਿਮਾਂਸ਼ੂ ਅਗਰਵਾਲ ਨੇ ਕੀਤਾ ਇਸ ਦੇ ਨਾਲ ਹੀ ਉਨ੍ਹਾਂ ਨੇ ਅਤਿ-ਆਧੁਨਿਕ ਏਅਰ ਕੰਡੀਸ਼ਨਡ ਜਿਮਨੇਜ਼ੀਅਮ ਅਤੇ ਸਿੰਥੈਟਿਕ ਕੋਰਟ ਨੂੰ ਵੀ ਖਿਡਾਰੀਆਂ ਨੂੰ ਸਮਰਪਿਤ ਕੀਤਾ।
ਇਸ ਮੌਕੇ ਬੋਲਦਿਆਂ ਡਾ.ਅਗਰਵਾਲ ਨੇ ਕਿਹਾ ਕਿ ਖੇਡਣ ਨਾਲ ਬੱਚਿਆਂ ਦੀ ਸ਼ਖਸੀਅਤ ਦਾ ਨਿਰਮਾਣ ਹੁੰਦਾ ਹੈ ਅਤੇ ਖਿਡਾਰੀ ਜ਼ਿੰਦਗੀ ਨੂੰ ਬਿਹਤਰ ਢੰਗ ਨਾਲ ਜਿਊਣਾ ਸਿੱਖਦੇ ਹਨ।
ਖੇਡਾਂ ਸਾਨੂੰ ਜੀਵਨ ਵਿੱਚ ਚੰਗੀਆਂ ਕਦਰਾਂ-ਕੀਮਤਾਂ, ਨੈਤਿਕਤਾ ਅਤੇ ਹੁਨਰ ਵੀ ਸਿਖਾਉਂਦੀਆਂ ਹਨ। ਜ਼ਿਲ੍ਹਾ ਕੁਲੈਕਟਰ ਨੇ ਸਟੇਡੀਅਮ ਵਿੱਚ ਕਰਵਾਏ ਵਿਕਾਸ ਕਾਰਜਾਂ ਲਈ ਅੰਤ੍ਰਿਮ ਕਮੇਟੀ ਨੂੰ ਵਧਾਈ ਦਿੱਤੀ। ਡੀਸੀ ਡਾ: ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੰਸਰਾਜ ਸਟੇਡੀਅਮ ਵਿੱਚ ਹੋਰ ਵਿਕਾਸ ਕਾਰਜ ਕਰਵਾਏ ਜਾਣਗੇ।
ਇਸ ਮੌਕੇ ਡੀਬੀਏ ਦੇ ਸਕੱਤਰ ਅਤੇ ਸਾਬਕਾ ਰਾਸ਼ਟਰੀ ਖਿਡਾਰੀ ਰਿਤਿਨ ਖੰਨਾ ਨੇ ਦੱਸਿਆ ਕਿ ਅੱਜ ਤੋਂ ਸ਼ੁਰੂ ਹੋਈ ਇਸ ਚੈਂਪੀਅਨਸ਼ਿਪ ਵਿੱਚ ਜਲੰਧਰ ਦੇ 600 ਖਿਡਾਰੀ ਭਾਗ ਲੈ ਰਹੇ ਹਨ।
ਅੰਡਰ-11, 13, 15, 17, 19 ਵਿੱਚ ਲੜਕੇ ਅਤੇ ਲੜਕੀਆਂ ਅਤੇ ਪੁਰਸ਼ਾਂ ਅਤੇ ਔਰਤਾਂ ਦੇ ਸਿੰਗਲਜ਼, ਡਬਲਜ਼ ਅਤੇ ਮਿਕਸਡ ਡਬਲਜ਼ ਮੁਕਾਬਲੇ ਕਰਵਾਏ ਜਾ ਰਹੇ ਹਨ। ਵੈਟਰਨ ਸ਼੍ਰੇਣੀ ਵਿੱਚ 35 ਤੋਂ 65 ਸਾਲ ਦੀ ਉਮਰ ਦੇ ਵਰਗ ਸ਼ਾਮਿਲ ਹਨ।
ਅਗਲੇ ਚਾਰ ਦਿਨਾਂ ਵਿੱਚ 500 ਮੈਚ ਖੇਡੇ ਜਾਣਗੇ। ਚੈਂਪੀਅਨਸ਼ਿਪ ਦੌਰਾਨ ਮੁਫਤ ਰਿਫਰੈਸ਼ਮੈਂਟ ਦੇ ਪ੍ਰਬੰਧ ਦੇ ਨਾਲ ਮੈਚਾਂ ਦੀ ਲਾਈਵ ਸਟ੍ਰੀਮਿੰਗ ਕੀਤੀ ਜਾ ਰਹੀ ਹੈ। 11 ਅਗਸਤ ਨੂੰ ਡੀਸੀ ਜਲੰਧਰ ਡਾ: ਹਿਮਾਂਸ਼ੂ ਅਗਰਵਾਲ ਅਤੇ ਇੰਡੀਅਨ ਆਇਲ ਦੇ ਜਲੰਧਰ ਡਿਵੀਜ਼ਨ ਦੇ ਮੁਖੀ ਰਾਜਨ ਬੇਰੀ ਚੈਂਪੀਅਨਸ਼ਿਪ ਦੇ ਜੇਤੂਆਂ ਨੂੰ ਸਨਮਾਨਿਤ ਕਰਨਗੇ। ਡੀਬੀਏ ਦੇ 50 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ, ਜੇਤੂਆਂ ਨੂੰ 5 ਲੱਖ ਰੁਪਏ ਦੇ ਇਨਾਮ ਦਿੱਤੇ ਜਾਣਗੇ।
ਅੱਜ ਉਦਘਾਟਨੀ ਸਮਾਰੋਹ ਦੌਰਾਨ ਅੰਤਰਰਾਸ਼ਟਰੀ ਖਿਡਾਰੀ ਮਾਨਯਾ ਰਲਹਨ, ਅਭਿਨਵ ਠਾਕੁਰ ਅਤੇ ਰਾਮ ਲਖਨ ਨੂੰ ਡੀਬੀਏ ਵਲੋਂ ਸਨਮਾਨਿਤ ਕਿਤਾ ਗਿਆ।
ਵਰਨਜੋਗ ਹੈ ਕਿ ਸਾਬਕਾ ਖੇਡ ਮੰਤਰੀ ਸ. ਮੀਤ ਹੇਅਰ ਨੇ ਸਟੇਡੀਅਮ ਦੇ ਸੁਧਾਰ ਲਈ 23.16 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਸੀ। ਇਸ ਤੋਂ ਇਲਾਵਾ ਕ੍ਰਿਕਟਰ ਅਤੇ ਸੰਸਦ ਮੈਂਬਰ ਹਰਭਜਨ ਸਿੰਘ ਨੇ ਜਿੰਮ ਦੀ ਮਸ਼ੀਨਰੀ ਲਈ 15.60 ਲੱਖ ਰੁਪਏ ਦਿੱਤੇ ਸਨ। ਇਨ੍ਹਾਂ ਗਰਾਂਟਾਂ ਨਾਲ ਸਟੇਡੀਅਮ ਵਿੱਚ ਨਵਾਂ ਏਅਰ ਕੰਡੀਸ਼ਨਡ ਜਿਮਨੇਜ਼ੀਅਮ ਅਤੇ ਸਿੰਥੈਟਿਕ ਕੋਰਟ ਬਣਾਇਆ ਗਿਆ, ਜੋ ਅੱਜ ਖਿਡਾਰੀਆਂ ਨੂੰ ਸਮਰਪਿਤ ਕੀਤਾ ਗਿਆ।
ਇਸ ਮੌਕੇ ਅੰਤ੍ਰਿੰਮ ਕਮੇਟੀ ਦੇ ਪ੍ਰਧਾਨ ਡਾ: ਜੈ ਇੰਦਰ ਸਿੰਘ(ਪੀਸੀਐਸ), ਖਜ਼ਾਨਚੀ ਪਲਵਿੰਦਰ ਜੁਨੇਜਾ, ਰਾਕੇਸ਼ ਖੰਨਾ, ਮੁਕੁਲ ਵਰਮਾ, ਅਮਨ ਮਿੱਤਲ, ਰਵਨੀਤ ਤੱਖਰ, ਕੁਸੁਮ ਕੇਪੀ, ਨਰੇਸ਼ ਬੁਧੀਆ ਅਤੇ ਧੀਰਜ ਸ਼ਰਮਾ ਹਾਜ਼ਰ ਸਨ।