ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਅਗਸਤ 20, 2024:
ਕੋਲੋਰਾਡੋ ਵਿਚ ਇਕ ਡਰੱਗ ਤਸਕਰੀ ਗਿਰੋਹ ਦੇ ਸਰਗਨੇ ਨੂੰ 376 ਸਾਲ ਕੈਦ ਦੀ ਸਜ਼ਾ ਸੁਣਾਏ ਜਾਣ ਦੀ ਖਬਰ ਹੈ। ਇਹ ਜਾਣਕਾਰੀ ਕਾਊਂਟੀ ਅਧਿਕਾਰੀਆਂ ਨੇ ਦਿੱਤੀ ਹੈ।
ਕਾਊਂਟੀ ਡਿਸਟ੍ਰਿਕਟ ਅਟਾਰਨੀ ਦੇ ਦਫਤਰ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਇਕ ਜਿਊਰੀ ਨੇ ਇਸ ਸਾਲ ਜੂਨ ਵਿਚ ਜੋਸ ਅਰੇਲਾਨੋ-ਅਰੇਡੋਨਡੋ (67) ਨੂੰ ਡਰੱਗ ਨਾਲ ਸਬੰਧਿਤ ਤੇ ਕਾਲੇ ਧੰਨ ਨੂੰ ਚਿੱਟਾ ਕਰਨ ਸਬੰਧੀ 40 ਦੋਸ਼ਾਂ ਤਹਿਤ ਦੋਸ਼ੀ ਐਲਾਨਿਆ ਸੀ।
ਚੀਫ ਡਿਪਟੀ ਡਿਸਟ੍ਰਿਕਟ ਅਟਾਰਨੀ ਮਾਈਕਲ ਪਿਰਾਗਲੀਆ ਨੇ ਬਿਆਨ ਵਿਚ ਕਿਹਾ ਹੈ ਕਿ ” ਇਸ ਆਦਮੀ ਨੇ ਕਈ ਸਾਲ ਅਮਰੀਕੀਆਂ ਨੂੰ ਭਾਰੀ ਮਾਤਰਾ ਵਿਚ ਜ਼ਹਿਰ ਵੰਡੀ ਹੈ।
” ਉਨਾਂ ਕਿਹਾ ” ਇਸ ਨੇ ਕਿੰਨੇ ਲੋਕਾਂ ਦੀਆਂ ਜਿੰਦਗੀਆਂ ਤਬਾਹ ਕੀਤੀਆਂ ਹਨ ਇਸ ਬਾਰੇ ਕਦੀ ਵੀ ਸੱਚ ਸਾਹਮਣੇ ਨਹੀਂ ਆਵੇਗਾ। ਇਸ ਨੇ ਆਪਣੇ ਨਿੱਜੀ ਮੁਨਾਫੇ ਲਈ ਲੋਕਾਂ ਨੂੰ ਨਸ਼ੇ ਦਾ ਆਦੀ ਬਣਾਇਆ ਤੇ ਉਨਾਂ ਦਾ ਸੋਸ਼ਣ ਕੀਤਾ।
” ਬਿਆਨ ਅਨੁਸਾਰ ਅਰੇਲਾਨੋ-ਅਰੇਡੋਨਡੋ ਨੂੰ ਕਾਊਂਟੀ ਵੱਲੋਂ ਗਠਿਤ ਇਕ ਡੱਰਗ ਟਾਸਕ ਫੋਰਸ ਵੱਲੋਂ ਲੁਕਵੇਂ ਢੰਗ ਨਾਲ ਕੀਤੀ ਜਾਂਚ ਜੋ ਜਾਂਚ 2019 ਵਿਚ ਸ਼ੁਰੂ ਹੋਈ ਸੀ, ਉਪਰੰਤ ਕਾਬੂ ਕੀਤਾ ਸੀ।
ਇਸ ਜਾਂਚ ਵਿਚ ਪਤਾ ਲੱਗਾ ਕਿ ਡਰੱਗ ਮੈਕਸੀਕੋ ਤੋਂ ਨੇਵਾਡਾ ਤੇ ਐਰੀਜ਼ੋਨਾ ਲਿਜਾਏ ਜਾਂਦੇ ਸਨ ਤੇ ਇਸ ਤੋਂ ਬਾਅਦ ਇਹ ਡਰੱਗ ਅਰੇਲਾਨੋ-ਅਰੇਡੋਨਡ ਕੋਲ ਗਰੀਲੇ, ਕੋਲੋਰਾਡੋ ਪਹੁੰਚਦੇ ਸਨ।
ਅਧਿਕਾਰੀਆਂ ਨੇ ਸਤੰਬਰ 2020 ਵਿਚ ਅਰੇਲਾਨੋ ਅਰੇਡੋਨਡੋ ਦੇ ਘਰ ਦੀ ਤਲਾਸ਼ੀ ਲੈਣ ਤੋਂ ਪਹਿਲਾਂ ਉਸ ਕੋਲੋਂ ਗਾਹਕ ਬਣ ਕੇ ਡਰੱਗ ਵੀ ਖਰੀਦੇ ਸਨ।