ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਸਤੰਬਰ 27, 2024:
ਅਮਰੀਕਾ ਦੇ ਕੋਲੋਰਾਡੋ ਰਾਜ ਵਿਚ ਕੋਲੋਰਾਡੋ ਸਪਰਿੰਗਜ ਸ਼ਹਿਰ ਵਿੱਚ ਗੋਲੀਬਾਰੀ ਕਰਕੇ ਇਕ ਵਿਅਕਤੀ ਨੂੰ ਜਖਮੀ ਕਰ ਦੇਣ ਦੇ ਮਾਮਲੇ ਵਿਚ ਭਾਰਤੀ ਮੂਲ ਦੇ ਇਕ ਲਾਇਸੰਸਸ਼ੁੱਦਾ ਪਲਾਸਟਿਕ ਸਰਜਨ ਰੁਪੇਸ਼ ਜੈਨ (53) ਵਿਰੁੱਧ ਦੂਸਰਾ ਦਰਜਾ ਹੱਤਿਆ ਦੀ ਕੋਸ਼ਿਸ਼ ਸਮੇਤ ਹੋਰ ਅਪਰਾਧਿਕ ਦੋਸ਼ ਆਇਦ ਕੀਤੇ ਗਏ ਹਨ। ਡਾਕਟਰ ਜੈਨ ਇਸ ਵੇਲੇ ਐਲ ਪਾਸੋ ਕਾਊਂਟੀ ਜੇਲ ਵਿਚ ਮਾਨਸਿਕ ਇਲਾਜ਼ ਅਧੀਨ ਹੈ।
ਕੋਲੋਰਾਡੋ ਸਪਰਿੰਗਜ ਪੁਲਿਸ ਅਨੁਸਾਰ ਇਕ ਔਰਤ ਵੱਲੋਂ ਗੋਲੀ ਚੱਲਣ ਦੀ ਸੂਚਨਾ ਦੇਣ ‘ਤੇ ਪੁਲਿਸ ਅਫਸਰ ਮੌਕੇ ਉਪਰ ਪੁੱਜੇ। ਗੋਲੀ ਨਾਲ ਲੱਗਦੇ ਡਾਕਟਰ ਦੇ ਅਪਾਰਟਮੈਂਟ ਵਿਚੋਂ ਚਲਾਈ ਗਈ ਸੀ ਜਿਸ ਨਾਲ 25 ਸਾਲਾ ਲੇਕਨ ਡੂਰਸਕਮਿਡਟ ਨਾਮੀ ਵਿਅਕਤੀ ਜਖਮੀ ਹੋ ਗਿਆ।
ਜਾਂਚ ਦੌਰਾਨ ਡਾਕਟਰ ਦੇ ਅਪਾਰਟਮੈਂਟ ਦੀ ਕੰਧ ਵਿਚ ਗੋਲੀਆਂ ਦੇ ਕਈ ਨਿਸ਼ਾਨ ਮਿਲੇ। ਮੌਕੇ ਤੋਂ ਗੋਲੀਆਂ ਦੇ ਕਈ ਖੋਲ ਵੀ ਬਰਾਮਦ ਹੋਏ। ਜੈਨ ਵੱਲੋਂ ਦੋ ਪ੍ਰਮੁੱਖ ਬੈਂਕ ਸਥਾਨਾਂ ‘ਤੇ ਵੀ ਗੋਲੀਆਂ ਚਲਾਈਆਂ ਗਈਆਂ।
ਪੁਲਿਸ ਅਨੁਸਾਰ ਇਸ ਤੋਂ ਇਵਾਲਾ ਵਿਲਜ਼ ਇਨ ਰੈਸਟੋਰੈਂਟ ਦੇ ਮੈਨੇਜਰ ਨੇ ਰਿਪੋਰਟ ਲਿਖਵਾਈ ਹੈ ਕਿ ਜੈਨ ਨੇ ਪੀਜ਼ਾ ਮੰਗਣ ਤੋਂ ਪਹਿਲਾਂ ਰੈਸਟੋਰੈਂਟ ਦੇ ਮੋਹਰਲੇ ਦਰਵਾਜ਼ੇ ਉਪਰ ਕਈ ਗੋਲੀਆਂ ਚਲਾਈਆਂ।
ਜਦੋਂ ਜੈਨ ਅਪਾਰਟਮੈਂਟ ਵਿਚ ਵਾਪਸ ਆਇਆ ਤਾਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਸ ਸਮੇ ਵੀ ਉਸ ਦੇ ਹੱਥ ਵਿਚ ਪੀਜ਼ਾ ਸੀ।
ਜੈਨ ਨੇ ਪੁਲਿਸ ਅਫਸਰਾਂ ਨੂੰ ਦੱਸਿਆ ਕਿ ਉਸ ਵੱਲੋਂ ਖੁਦਕੁੱਸ਼ੀ ਕਰਨ ਦੀ ਯੋਜਨਾ ਸੀ। ਪੁਲਿਸ ਅਨੁਸਾਰ ਡਾਕਟਰ ਨੇ 2 ਏ ਟੀ ਐਮ ਨੂੰ ਤਬਾਹ ਕਰਨ ਸਮੇਤ ਇਕ ਲੱਖ ਡਾਲਰ ਤੋਂ ਵਧ ਦਾ ਨੁਕਸਾਨ ਪਹੁੰਚਾਇਆ ਹੈ।