ਯੈੱਸ ਪੰਜਾਬ
ਚੰਡੀਗੜ੍ਹ, 23 ਅਗਸਤ, 2024:
ਚੰਡੀਗੜ੍ਹ ਦੇ ਇੱਕ ਵੱਡੇ ਸਕੂਲ ਦੀ 12ਵੀਂ ਜਮਾਤ ਦੀ ਨਾਬਾਲਗ ਵਿਦਿਆਰਥਣ ਦੀਆਂ ‘ਫ਼ੇਕ’ ਇਤਰਾਜ਼ਯੋਗ ਤਸਵੀਰਾਂ ਬਣਾ ਕੇ ਉਸਨੂੰ ਬਲੈਕਮੇਲ ਕਰਦੇ ਰਹੇ ਸਕੂਲ ਦੇ ਬੱਸ ਡ੍ਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਜ਼ੀਰਕਪੁਰ ਪੁਲਿਸ ਨੇ ਮਾਪਿਆਂ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰਕੇ ਮਨੀਮਾਜਰਾ ਦੇ ਰਹਿਣ ਵਾਲੇ 26 ਸਾਲਾ ਬੱਸ ਡਰਾਈਵਰ ਮੁਹੰਮਦ ਰਜ਼ਾ ਨੂੰ ਗ੍ਰਿਫ਼ਤਾਰ ਕੀਤਾ ਹੈ।
ਦੋਸ਼ ਹੈ ਕਿ ਦੋਸ਼ੀ ਪੀੜਤਾ ਨਾਲ ਲਗਪਗ 6 ਮਹੀਨੇ ਤੋਂ ਵੱਧ ਸਮਾਂ ਉਸਨੂੰ ਬਲੈਕਮੇਲ ਕਰਕੇ ਬਲਾਤਕਾਰ ਕਰਦਾ ਰਿਹਾ। ਹਾਲਾਂਕਿ ਉਹ ਸਕੂਲ ਦੀ ਕਿਸੇ ਹੋਰ ਬੱਸ ਦਾ ਡਰਾਈਵਰ ਸੀ ਪਰ ਉਹ ਲਗਾਤਾਰ ਲੜਕੀ ਦਾ ਪਿੱਛਾ ਕਰਦਾ ਰਿਹਾ ਅਤੇ ਉਸਦੀਆਂ ‘ਫ਼ੇਕ’ ਤਸਵੀਰਾਂ ਬਣਾ ਕੇ ਉਸਨੂੰ ਬਲੈਕਮੇਲ ਕਰਦਾ ਰਿਹਾ।
ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਹ 17 ਸਾਲਾ ਕੁੜੀ ਨੂੰ ਇਹ ਕਹਿ ਕੇ ਡਰਾਉਂਦਾ ਰਿਹਾ ਕਿ ਜੇ ਉਸਨੇ ਇਹ ਗੱਲ ਕਿਸੇ ਕੋਲ ਉਜਾਗਰ ਕੀਤੀ ਤਾਂ ਉਹ ਉਸਦੀ ਛੋਟੀ ਭੈਣ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਜਾਨ ਤੋਂ ਮਾਰ ਦੇਵੇਗਾ।
ਇਹ ਵੀ ਸਾਹਮਣੇ ਆਇਆ ਹੈ ਕਿ ਕੁੜੀ ਦੇ ਮਾਪਿਆਂ ਦੇ ਘਰ ਨਾ ਹੋਣ ਸਮੇਂ ਉਹ ਤਿੰਨ ਵਾਰ ਉਸਦੇ ਘਰ ਵੀ ਗਿਆ ਜਿੱਥੇ ਉਸਨੇ ਪੀੜਤਾ ਨਾਲ ਸੰਬੰਧ ਬਣਾਏ ਹਾਲਾਂਕਿ ਉਸਦੀ ਛੋਟੀ ਭੈਣ ਵੀ ਉਸ ਵੇਲੇ ਘਰ ਵਿੱਚ ਮੌਜੂਦ ਸੀ।
ਪੁਲਿਸ ਨੇ ਇਸ ਮਾਮਲੇ ਵਿੱਚ ਸੰਬੰਧਤ ਧਾਰਾਵਾਂ ਅਤੇ ‘ਪੌਕਸੋ’ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਉਸਦਾ ਰਿਮਾਂਡ ਹਾਸਲ ਕੀਤਾ ਹੈ।