ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 7 ਜਨਵਰੀ, 2025
ਦੱਖਣੀ California ਵਿਚ ਇਕ ਛੋਟਾ ਜਹਾਜ਼ ਤਬਾਹ ਹੋ ਕੇ ਇਕ ਇਮਾਰਤ ਉਪਰ ਡਿੱਗ ਜਾਣ ਦੀ ਖਬਰ ਹੈ ਜਿਸ ਦੇ ਸਿੱਟੇ ਵਜੋਂ 2 ਜਣਿਆਂ ਦੀ ਮੌਤ ਹੋ ਗਈ ਤੇ 19 ਹੋਰ ਜ਼ਖਮੀ ਹੋ ਗਏ। ਡਿਜ਼ਨੀਲੈਂਡ ਤੋਂ 6 ਮੀਲ ਦੂਰ ਫੁਲਰਟੋਨ ਮਿਊਂਸਪਿਲ ਹਵਾਈ ਅੱਡੇ ਤੋਂ ਉਡਾਨ ਭਰਨ ਦੇ 2 ਮਿੰਟ ਬਾਅਦ ਹੀ ਜਹਾਜ਼ ਤਬਾਹ ਹੋ ਕੇ ਇਮਾਰਤ ਉਪਰ ਆ ਡਿੱਗਾ।
ਇਹ ਜਾਣਕਾਰੀ ਪੁਲਿਸ ਨੇ ਦਿੰਦਿਆਂ ਕਿਹਾ ਹੈ ਕਿ ਜਹਾਜ਼ ਫਰਨੀਚਰ ਬਣਾਉਣ ਵਾਲੇ ਇਕ ਕਾਰਖਾਨੇ ਉਪਰ ਡਿੱਗਾ ਹੈ ਜਿਸ ਵਿਚ 200 ਕਾਮੇ ਕੰਮ ਕਰਦੇ ਹਨ। ਪੁਲਿਸ ਅਨੁਸਾਰ 11 ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਜਦ ਕਿ 8 ਦੀ ਮੌਕੇ ਉਪਰ ਹੀ ਮਰਹਮ ਪੱਟੀ ਕੀਤੀ ਗਈ ਹੈ।
ਫੁਲਰਟੋਨ ਪੁਲਿਸ ਵਿਭਾਗ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਮ੍ਰਿਤਕ ਜਹਾਜ਼ ਵਿਚ ਸਵਾਰ ਸਨ ਜਦ ਕਿ ਜ਼ਖਮੀ ਹੋਏ ਵਿਅਕਤੀ ਹਾਦਸੇ ਸਮੇ ਇਮਾਰਤ ਵਿਚ ਸਨ। ਹਾਲਾਂ ਕਿ ਪੁਲਿਸ ਨੇ ਅਜੇ ਮ੍ਰਿਤਕਾਂ ਦੇ ਨਾਂ ਜਾਰੀ ਨਹੀਂ ਕੀਤੇ ਹਨ ਪਰੰਤੂ ਸੋਸ਼ਲ ਮੀਡੀਆ ਉਪਰ ਹਨਟਿੰਗਟੋਨ ਬੀਚ ਹਾਈ ਸਕੂਲ ਦੀ ਫੁੱਟਬਾਲ ਟੀਮ ਤੇ ਗਰਲਜ਼ ਫਲੈਗ ਫੁੱਟਬਾਲ ਟੀਮ ਵੱਲੋਂ ਪਾਈ ਪੋਸਟ ਵਿਚ ਕਿਹਾ ਗਿਆ ਹੈ ਕਿ ਹਾਦਸੇ ਵਿਚ ਪਸਕਲ ਰੀਡ ਤੇ ਉਸ ਦੀ ਧੀ ਕੈਲੀ ਰੀਡ ਮਾਰੇ ਗਏ ਹਨ। ਇਸ ਪੋਸਟ ਵਿਚ ਕਿਹਾ ਗਿਆ ਹੈ ਕਿ ”ਬੀਤੇ ਦਿਨ ਸਾਨੂੰ ਅਥਾਹ ਨੁਕਸਾਨ ਪੁੱਜਾ ਹੈ।
ਕੈਲੀ ਸਾਡੀ ਦੇਖਰੇਖ ਕਰਦੀ ਸੀ ਤੇ ਉਹ ਹਮੇਸ਼ਾਂ ਦੂਸਰਿਆਂ ਨੂੰ ਪਹਿਲ ਦਿੰਦੀ ਸੀ ਜਦ ਕਿ ਉਸ ਦੇ ਪਿਤਾ ਰੀਡ ਹਰ ਮੈਚ ਦੌਰਾਨ ਹਾਜਰ ਰਹਿੰਦੇ ਸਨ। ਉਨਾਂ ਦੀ ਸਾਨੂੰ ਹਮੇਸ਼ਾਂ ਯਾਦ ਆਉਂਦੀ ਰਹੇਗੀ।”