ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 13 ਦਸੰਬਰ, 2024
ਉੱਤਰੀ California ਦੇ ਇਕ ਘਰ ਵਿਚ 2 ਸਾਲ ਦੇ ਬੱਚੇ ਕੋਲੋਂ ਅਚਾਨਕ ਗੰਨ ਦਾ ਘੋੜਾ ਨੱਪਿਆ ਜਾਣ ਕਾਰਨ ਗੋਲੀ ਚਲ ਜਾਣ ਦੇ ਸਿੱਟੇ ਵਜੋਂ ਉਸ ਦੀ ਮਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਫਰਿਜ਼ਨੋ ਪੁਲਿਸ ਵਿਭਾਗ ਅਨੁਸਾਰ ਬੱਚੇ ਨੇ ਕਮਰੇ ਵਿਚ ਪਈ ਗੰਨ ਚੁੱਕੀ ਤੇ ਅਚਾਨਕ ਉਸ ਕੋਲੋਂ ਗੰਨ ਦਾ ਘੋੜਾ ਨੱਪਿਆ ਗਿਆ।
ਗੋਲੀ 22 ਸਾਲਾ ਮਾਂ ਜੈਸਿਨਿਆ ਮੀਨਾ ਦੇ ਸਰੀਰ ਦੇ ਉਪਰਲੇ ਹਿੱਸੇ ਵਿਚ ਵੱਜੀ ਜਿਸ ਕਾਰਨ ਉਹ ਮੌਕੇ ਉਪਰ ਹੀ ਦਮ ਤੋੜ ਗਈ। ਪੁਲਿਸ ਦੇ ਲੈਫਟੀਨੈਂਟ ਪਾਲ ਸਰਵੈਂਟਸ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਇਹ ਘਟਨਾ ਬਟਰਫਲਾਈ ਗਰੋਵ ਅਪਾਰਟਮੈਂਟਸ ਵਿਚ ਸ਼ਾਮ ਨੂੰ ਤਕਰੀਬਨ 5.30 ਵਜੇ ਵਾਪਰੀ।
ਬਿਆਨ ਅਨੁਸਾਰ ਇਸ ਮਾਮਲੇ ਵਿਚ ਮੀਨਾ ਦੇ 18 ਸਾਲਾ ਦੋਸਤ ਲੜਕੇ ਐਂਡਰੀਊ ਸਾਂਚੇਜ਼ ਨੂੰ ਗੰਨ ਨੂੰ ਨਾ ਸੰਭਾਲਣ ਕਾਰਨ ਅਣਗਹਿਲੀ ਵਰਤਣ ਸਮੇਤ ਹੋਰ ਅਪਰਾਧਕ ਦੋਸ਼ਾਂ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੂੰ ਫਰਿਜ਼ਨੋ ਕਾਊਂਟੀ ਜੇਲ ਵਿਚ ਰਖਿਆ ਗਿਆ ਹੈ। ਅਧਿਕਾਰੀਆਂ ਦੀ ਮੁੱਢਲੀ ਜਾਂਚ ਅਨੁਸਾਰ ਮੀਨਾ ਆਪਣੇ ਦੋਸਤ ਲੜਕੇ ਸਾਂਚੇਜ਼ , ਆਪਣੇ 2 ਸਾਲ ਤੇ 8 ਮਹੀਨਿਆਂ ਦੇ ਬੱਚੇ ਨਾਲ ਰਹਿੰਦੀ ਸੀ। ਪਰਿਵਾਰ ਸੌਣ ਦੀ ਤਿਆਰੀ ਕਰ ਰਿਹਾ ਸੀ ਕਿ ਅਚਾਨਕ ਗੋਲੀ ਚੱਲਣ ਦੀ ਘਟਨਾ ਵਾਪਰ ਗਈ।