ਯੈੱਸ ਪੰਜਾਬ
ਕੁਰਾਲੀ (ਐੱਸ ਏ ਐੱਸ ਨਗਰ), ਜੁਲਾਈ 29, 2024:
ਪੰਜਾਬ ਦੇ ਸੈਰ-ਸਪਾਟਾ, ਕਿਰਤ, ਮਹਿਮਾਨ ਨਿਵਾਜ਼ੀ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਸ੍ਰੀਮਤੀ ਅਨਮੋਲ ਗਗਨ ਮਾਨ ਨੇ ਅੱਜ ਨਗਰ ਕੌਂਸਲ ਕੁਰਾਲੀ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ’ਚ ਹੋਣ ਵਾਲੇ ਵਿਕਾਸ ਕਾਰਜਾਂ ਦੇ ਤਰਜੀਹੀ ਆਧਾਰ ’ਤੇ ਅਨੁਮਾਨ ਤਿਆਰ ਕਰਕੇ ਜਲਦ ਮੀਟਿੰਗ ਰੱਖ ਕੇ ਪਾਸ ਕਰਵਾਏ ਜਾਣ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਕੰਮਾਂ ਦੇ ਅਨੁਮਾਨ ਤਿਆਰ ਕੀਤੇ ਜਾਣ ਹਨ, ਉਨ੍ਹਾਂ ਦੀ ਗੁਣਵੱਤਾ ਦਾ ਪਹਿਲਾਂ ਹੀ ਖਿਆਲ ਰੱਖਿਆ ਜਾਵੇ ਤਾਂ ਜੋ ਗੈਰ-ਮਿਆਰੀ ਕੰਮ ਕਰਨ ਵਾਲਿਆਂ ਦੀ ਅਦਾਇਗੀ ਨਾ ਹੋ ਸਕੇ।
ਉਨ੍ਹਾਂ ਕਿਹਾ ਕਿ ਵਿਕਾਸ ਕੰਮਾਂ ਦੇ ਤਖ਼ਮੀਨੇ ਤਿਆਰ ਕਰਨ ਮੌਕੇ ਪੂਰੀ ਨਿਰਪੱਖਤਾ ਵਰਤੀ ਜਾਵੇ ਤਾਂ ਜੋ ਕਿਸੇ ਨੂੰ ਵੀ ਇਸ ਗੱਲ ਦੀ ਸ਼ਿਕਾਇਤ ਨਾ ਰਹੇ ਕਿ ਉਨ੍ਹਾਂ ਦੇ ਵਾਰਡ ’ਚ ਵਿਕਾਸ ਨਹੀਂ ਹੋਇਆ।
ਮੰਤਰੀ ਅਨਮੋਲ ਗਗਨ ਮਾਨ ਨੇ ਇਸ ਗੱਲ ਨੂੰ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਸ਼ਹਿਰ ’ਚ ਕੋਈ ਵੀ ਨਜਾਇਜ਼ ਉਸਾਰੀ ਨਾ ਹੋਣ ਦਿੱਤੀ ਜਾਵੇ ਅਤੇ ਨਗਰ ਕੌਂਸਲ ਦੇ ਅਧਿਕਾਰੀ ਇਸ ਸਬੰਧੀ ਵਿਸ਼ੇਸ਼ ਧਿਆਨ ਰੱਖਣ।
ਉਨ੍ਹਾਂ ਨੇ ਇਸ ਦੇ ਨਾਲ ਹੀ ਡਿਵੈਲਪਰਾਂ ਵੱਲ ਖੜ੍ਹੀ ਕਲੋਨੀਆਂ ਦੀ ਪੈਡਿੰਗ ਰਾਸ਼ੀ ਵਸੂਲਣ ਲਈ ਵੀ ਸਖ਼ਤੀ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਰਾਸ਼ੀ ਨਾਲ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਕਰਵਾਉਣ ’ਚ ਸਹਾਇਤਾ ਮਿਲੇਗੀ।
ਉਨ੍ਹਾਂ ਨੇ ਸ਼ਹਿਰ ’ਚ ਸਾਫ਼-ਸਫ਼ਾਈ ਦਾ ਖ਼ਾਸ ਖਿਆਲ ਰੱਖਣ ਦੀ ਹਦਾਇਤ ਕੀਤੀ ਤਾਂ ਜੋ ਦੂਸ਼ਿਤ ਪਾਣੀ ਅਤੇ ਮੱਛਰਾਂ ਨਾਲ ਫ਼ੈਲਣ ਵਾਲੀਆਂ ਬਿਮਾਰੀਆਂ ਤੋਂ ਲੋਕਾਂ ਦਾ ਬਚਾਅ ਕੀਤਾ ਜਾ ਸਕੇ। ਉਨ੍ਹਾਂ ਨੇ ਇਸ ਸਬੰਧੀ ਨਗਰ ਕੌਂਸਲ ਅਧਿਕਾਰੀਆਂ ਨੂੰ ਪਾਣੀ ਦੀ ਸ਼ੁੱਧਤਾ ਦਾ ਧਿਆਨ ਰੱਖਣ ਅਤੇ ਫ਼ੋਗਿੰਗ ਆਦਿ ’ਤੇ ਧਿਆਨ ਦੇਣ ਲਈ ਵੀ ਆਖਿਆ।
ਮੰਤਰੀ ਅਨਮੋਲ ਗਗਨ ਮਾਨ ਨੇ ਇਸ ਮੌਕੇ ਕੌਂਸਲਰਾਂ ਨੂੰ ਵੀ ਆਖਿਆ ਕਿ ਸ਼ਹਿਰ ਦੇ ਵਿਕਾਸ ਲਈ ਉਹ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਲੋਕ ਹਿੱਤ ’ਚ ਕੰਮ ਕਰਨ ਤਾਂ ਜੋ ਲੋਕਾਂ ਨੂੰ ਜੋ ਉਨ੍ਹਾਂ ’ਤੇ ਆਸਾਂ ਹਨ, ਉਨ੍ਹਾਂ ਮੁਤਾਬਕ ਕੰਮ ਹੋ ਸਕੇ।
ਉਨ੍ਹਾਂ ਨੇ ਸ਼ਹਿਰ ’ਚ ਬੱਸ ਸ਼ੈਲਟਰਾਂ ਦੀ ਉਸਾਰੀ ਲਈ ਵੀ ਐਸਟੀਮੇਟ ਤਿਆਰ ਕਰਨ ਲਈ ਕਿਹਾ ਤਾਂ ਜੋ ਆਉਣ ਵਾਲੀ ਮੀਟਿੰਗ ਸਾਰੇ ਪੈਂਡਿੰਗ ਵਿਕਾਸ ਕਾਰਜਾਂ ਨੂੰ ਮਨਜੂਰੀ ਦਿੱਤੀ ਜਾ ਸਕੇ।
ਉਨ੍ਹਾਂ ਨੇ ਇਸ ਮੌਕੇ ਨਗਰ ਕੌਂਸਲ ਦੇ ਦਫ਼ਤਰ ’ਚ ਪੌਦਾ ਲਾ ਕੇ ਪੰਜਾਬ ਸਰਕਾਰ ਦੀ ਹਰਿਆਵਲ ਯੋਜਨਾ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਵਿਕਾਸ ਦੇ ਨਾਲ-ਨਾਲ ਵਾਤਾਵਰਣ ਨੂੰ ਵੀ ਸਾਫ਼-ਸੁੱਥਰਾ ਰੱਖਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਇਸ ਮੌਕੇ ਐਸ ਡੀ ਐਮ ਖਰੜ ਗੁਰਮੰਦਰ ਸਿੰਘ, ਮਾਰਕੀਟ ਕਮੇਟੀ ਕੁਰਾਲੀ ਦੇ ਚੇਅਰਮੈਨ ਹਰੀਸ਼ ਰਾਣਾ, ਕਾਰਜ ਸਾਧਕ ਅਫ਼ਸਰ ਪਰਵਿੰਦਰ ਸਿੰਘ ਭੱਟੀ, ਪ੍ਰਧਾਨ ਰਣਜੀਤ ਸਿੰਘ ਅਤੇ ਸਮੂਹ ਕੌਂਸਲਰ ਮੌਜੂਦ ਸਨ।