ਯੈੱਸ ਪੰਜਾਬ
ਚੰਡੀਗੜ੍ਹ, 14 ਅਗਸਤ, 2024:
ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਪਹਿਲਾਂ ਹੀ ਚੱਲ ਰਹੇ ਅੰਦਰੂਨੀ ਵਿਵਾਦ ਦੌਰਾਨ ਪਾਰਟੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ।
ਪਾਰਟੀ ਦੇ ਸੀਨੀਅਰ ਆਗੂ, ਬੰਗਾ ਤੋਂ ਵਿਧਾਇਕ ਅਤੇ ਪਾਰਟੀ ਦੇ ਵਿਧਾਨ ਸਭਾ ਵਿੱਚ ਚੀਫ਼ ਵਿ੍ਹਪ ਡਾ.ਸੁਖਵਿੰਦਰ ਸੁੱਖੀ ਨੇ ਪਾਰਟੀ ਨੂੰ ਅਲਵਿਦਾ ਆਖ਼ਦਿਆਂ ‘ਆਮ ਆਦਮੀ ਪਾਰਟੀ’ ਦਾ ਪੱਲਾ ਫ਼ੜ ਲਿਆ ਹੈ।
ਡਾ. ਸੁੱਖੀ ਨੇ ਅੱਜ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਹਾਜ਼ਰੀ ਵਿੱਚ ‘ਆਮ ਆਦਮੀ ਪਾਰਟੀ’ ਵਿੱਚ ਸ਼ਮੂਲੀਅਤ ਦਾ ਐਲਾਨ ਕੀਤਾ।
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੇ ਡਾ. ਸੁਖਵਿੰਦਰ ਸੁੱਖੀ ਨੂੰ ਪਾਰਟੀ ਵਿੱਚ ਸ਼ਾਮਲ ਕਰਦਿਆਂ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਡਾ. ਸੁੱਖੀ ਐਸੇ ਇਨਸਾਨ ਹਨ ਜਿਨ੍ਹਾਂ ’ਤੇ ਕੋਈ ਵੀ ਦਾਗ ਨਹੀਂ ਹੈ ਅਤੇ ਉਹ ਸਮਾਜ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਡਾ. ਸੁੱਖੀ ਨੇ ਹਮੇਸ਼ਾ ਆਪਣੇ ਹਲਕੇ ਦੇ ਲੋਕਾਂ ਦੀ ਹੀ ਗੱਲ ਕੀਤੀ ਹੈ ਅਤੇ ਮੇਰੇ ਕੋਲ ਹਲਕੇ ਦੇ ਮੁੱਦੇ ਲੈ ਕੇ ਹੀ ਆਉਂਦੇ ਸਨ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੋਲ ਵਿਧਾਨ ਸਭਾ ਵਿੱਚ ਕੇਵਲ ਤਿੰਨ ਹੀ ਵਿਧਾਇਕ ਸਨ। ਹੁਣ ਪਾਰਟੀ ਕੋਲ ਕੇਵਲ ਸ: ਮਨਪ੍ਰੀਤ ਸਿੰਘ ਇਆਲੀ (ਦਾਖ਼ਾ) ਅਤੇ ਸ੍ਰੀਮਤੀ ਗਨੀਵ ਕੌਰ ਮਜੀਠੀਆ (ਮਜੀਠਾ) ਹੀ ਵਿਧਾਇਕ ਦੇ ਤੌਰ ’ਤੇ ਰਹਿ ਗਏ ਹਨ।
ਸ: ਇਆਲੀ ਦੀ ਪਾਰਟੀ ਦੇ ਲੀਡਰਾਂ ਅਤੇ ਨੀਤੀਆਂ ਨਾਲ ਨਾਰਾਜ਼ਗੀ ਪਹਿਲਾਂ ਹੀ ਜੱਗ ਜ਼ਾਹਿਰ ਹੈ ਅਤੇ ਇਹ ਚਰਚਾ ਚੱਲਦੀ ਰਹੀ ਹੈ ਕਿ ਉਹ ਕਿਸੇ ਵੀ ਵੇਲੇ ਪਾਰਟੀ ਛੱਡ ਸਕਦੇ ਹਨ ਪਰ ਇਸ ਮਾਮਲੇ ਵਿੱਚ ਡਾ. ਸੁਖ਼ਵਿੰਦਰ ਸੁੱਖੀ ਨੇ ਫ਼ੈਸਲਾ ਲੈ ਕੇ ਪਾਰਟੀ ਅਤੇ ਸੂਬੇ ਦੀ ਰਾਜਨੀਤੀ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ।
ਬਸਪਾ ਨਾਲ ਆਪਣਾ ਰਾਜਸੀ ਸਫ਼ਰ ਸ਼ੁਰੂ ਕਰਨ ਵਾਲੇ ਡਾ: ਸੁਖਵਿੰਦਰ ਸੁੱਖੀ ਨੇ 2009 ਵਿੱਚ ਬਸਪਾ ਦੀ ਟਿਕਟ ਤੋਂ ਬੰਗਾ ਵਿਧਾਨ ਸਭਾ ਦੀ ਚੋਣ ਲੜੀ ਸੀ ਪਰ ਬਾਅਦ ਵਿੱਚ ਉਹ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ।
ਉਹ ਦੋ ਵਾਰ ਦੇ ਵਿਧਾਇਕ ਹਨ। ਉਹ 2017 ਅਤੇ 2022 ਵਿੱਚ ਅਕਾਲੀ ਦਲ ਦੀ ਟਿਕਟ ’ਤੇ ਬੰਗਾ ਤੋਂ ਜੇਤੂ ਰਹੇ ਅਤੇ ਸ: ਇਆਲੀ ਦੇ ਪਾਰਟੀ ਲੀਡਰਸ਼ਿਪ ਨਾਲ ਮਤਭੇਦਾਂ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਨੇ ਚੀਫ਼ ਵਿ੍ਹਪ ਬਣਾਇਆ ਸੀ।
ਵਰਨਣਯੋਗ ਹੈ ਕਿ ਡਾ. ਸੁੱਖੀ 2023 ਵਿੱਚ ਹੋਈ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਨ।
ਇਸ ਮੌਕੇ ਗੱਲਬਾਤ ਕਰਦਿਆਂ ਡਾ. ਸੁੱਖੀ ਨੇ ਕਿਹਾ ਕਿ ਉਨ੍ਹਾਂ ਨੂੰ ਅਕਾਲੀ ਦਲ ਵਿੱਚ ਪੂਰਾ ਮਾਣ ਸਤਿਕਾਰ ਮਿਲਿਆ ਪਰ ਉਹ ਆਪਣੇ ਹਲਕੇ ਦੇ ਵਿਕਾਸ ਲਈ ‘ਆਪ’ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਜਦ ਜਦ ਵੀ ਉਹ ਮੁੱਖ ਮੰਤਰੀ ਕੋਲ ਆਪਣੇ ਹਲਕੇ ਦੇ ਕੰਮ ਲੈਕੇ ਗਏ ਹਨ ਤਾਂ ਮੁੱਖ ਮੰਤਰੀ ਨੇ ਦੂਜੀ ਪਾਰਟੀ ਦੇ ਵਿਧਾਇਕ ਹੋਣ ਦੇ ਬਾਵਜੂਦ ਹਮੇਸ਼ਾ ਮੇਰੀ ਗੱਲ ਮੰਨੀ ਹੈ।