Saturday, January 11, 2025
spot_img
spot_img
spot_img
spot_img

ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ‘ਹਵੇਲੀ ਉਮਰਾਓ ਮਿਊਜ਼ੀਅਮ ਤੇ ਆਰਟ ਗੈਲਰੀ’ਦਾ ਕੀਤਾ ਦੌਰਾ

ਯੈੱਸ ਪੰਜਾਬ
ਬਠਿੰਡਾ, ਅਕਤੂਬਰ 11, 2024:

ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਬਠਿੰਡਾ-ਬਾਦਲ ਰੋਡ ’ਤੇ ਸਥਿਤ ਪਿੰਡ ਜੈ ਸਿੰਘ ਵਾਲਾ ਵਿਖੇ ‘ਹਵੇਲੀ ਉਮਰਾਓ ਮਿਊਜ਼ੀਅਮ ਤੇ ਆਰਟ ਗੈਲਰੀ’ ਦਾ ਦੌਰਾ ਕੀਤਾ।

ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ ਜਤਿੰਦਰ ਸਿੰਘ ਭੱਲਾ ਤੇ ਸਿਖਲਾਈ ਅਧੀਨ ਆਈਏਐਸ ਸ਼੍ਰੀ ਰਾਕੇਸ਼ ਕੁਮਾਰ ਮੀਨਾ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਮੌਕੇ ਡਿਪਟੀ ਕਮਿਸ਼ਨਰ ਨੂੰ ਗੁਰੂ ਸਾਹਿਬਾਨਾਂ ਦੀ ਇੱਕ ਯਾਦਗਾਰੀ ਤਸਵੀਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਡਿਪਟੀ ਕਮਿਸ਼ਨਰ ਵਲੋਂ ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਪ੍ਰੋ. ਹਰਦਰਸ਼ਨ ਸਿੰਘ ਸੋਹਲ ਦੁਆਰਾ ਨਿੱਜੀ ਤੌਰ ’ਤੇ ਬਣਾਏ ਗਏ ਇਸ ਵਿਲੱਖਣ ਮਿਊਜ਼ੀਅਮ ਤੇ ਆਰਟ ਗੈਲਰੀ ਦੀ ਭਰਪੂਰ ਸ਼ਲਾਘਾ ਕੀਤੀ ਗਈ।

ਡਿਪਟੀ ਕਮਿਸ਼ਨਰ ਨੇ ਪ੍ਰੋ. ਹਰਦਰਸ਼ਨ ਸਿੰਘ ਸੋਹਲ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਵਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਨੇਕ ਤੇ ਪ੍ਰੇਰਣਾਦਾਇਕ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਜਾਣਗੀਆਂ ਕਿ ਉਹ ਜ਼ਿਲ੍ਹੇ ਦੇ ਸਕੂਲੀ ਬੱਚਿਆਂ ਨੂੰ ਇਸ ਨਿਵੇਕਲੀ ‘ਹਵੇਲੀ ਉਮਰਾਓ ਮਿਊਜ਼ੀਅਮ ਤੇ ਆਰਟ ਗੈਲਰੀ’ ਦਾ ਦੌਰਾ ਕਰਵਾਉਣ ਤਾਂ ਜੋ ਬੱਚੇ ਆਪਣੇ ਪੁਰਾਤਨ ਵਿਰਾਸਤੀ ਵਸਤਾਂ ਬਾਰੇ ਜਾਣੂ ਹੋ ਸਕਣ।

ਇਸ ਦੌਰਾਨ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ ਜਤਿੰਦਰ ਭੱਲਾ ਨੇ ਕਿਹਾ ਕਿ ਸਕੂਲੀ ਬੱਚਿਆਂ ਨੂੰ ਇਥੇ ਆਉਣ ਲਈ ਬੱਸਾਂ ਆਦਿ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਆਉਣ-ਜਾਣ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਵੇ।

ਇਸ ਦੌਰਾਨ ਫਾਇਨ ਆਰਟ ਵਿਭਾਗ ਤੇ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ ਬਠਿੰਡਾ ਦੇ ਫਾਊਂਡਰ ਮੈਂਬਰ ਪ੍ਰੋ. ਹਰਦਰਸ਼ਨ ਸਿੰਘ ਸੋਹਲ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਪੇਟਿੰਗ ਅਤੇ ਪੰਜਾਬੀ ਸਾਹਿਤ ਨਾਲ ਜੁੜੇ ਹੋਏ ਹਨ ਅਤੇ ਪੁਰਾਤਨ ਵਸਤਾਂ ਦੀ ਸਾਂਭ-ਸੰਭਾਲ ਕਰਨ ਦਾ ਸ਼ੌਂਕ ਰੱਖਦੇ ਹਨ।

ਉਨ੍ਹਾਂ ਦੱਸਿਆ ਕਿ ਇਸ ਆਰਟ ਗੈਲਰੀ ਵਿੱਚ ਸੌ ਸਾਲ ਤੋਂ ਲੈ ਕੇ ਪੰਜ ਹਜ਼ਾਰ ਸਾਲ ਤੱਕ ਦੀਆਂ ਪੁਰਾਤਨ ਵਿਰਾਸਤੀ ਵਸਤਾਂ ਸ਼ਾਮਲ ਹਨ।

ਇਸ ਮੌਕੇ ਪ੍ਰੋ. ਸੋਹਲ ਨੇ ਕਿਹਾ ਕਿ ਇਥੇ ਖੇਤੀਬਾੜੀ ਨਾਲ ਸਬੰਧਤ ਪੁਰਾਤਨ ਸੰਦਾਂ ਤੋਂ ਇਲਾਵਾ ਪੁਰਾਤਨ ਸਿੱਕੇ, ਹਥਿਆਰ, ਚੁਲ੍ਹੇ-ਚੌਕੇ ਦਾ ਸਮਾਨ, ਪੁਰਾਣੀਆਂ ਕਿਤਾਬਾਂ, ਚਿੱਠੇ, ਪੁਰਾਣੇ ਟੈਲੀਵੀਜ਼ਨ, ਸ਼ਟਰ ਵਾਲੇ ਟੈਲੀਵੀਜ਼ਨ, ਟਿਊਬ ਵਾਲੇ ਰੇਡੀਓ, ਪੁਰਾਣੇ ਗੱਡੇ-ਗੱਡੀਆਂ, ਰੱਥ, ਚੁੰਬਕੀ ਸੂਈਆਂ, ਧੁੱਪ ਵਾਲੀਆਂ ਘੜੀਆਂ ਆਦਿ ਹੋਰ ਵੱਖ-ਵੱਖ ਤਰ੍ਹਾਂ ਦੀਆਂ ਪੁਰਾਤਨ ਵਸਤਾਂ ਸ਼ਾਮਲ ਹਨ।

ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ‘ਹਵੇਲੀ ਉਮਰਾਓ ਮਿਊਜ਼ੀਅਮ ਤੇ ਆਰਟ ਗੈਲਰੀ’ ’ਚ ਪਰਿਵਾਰ ਸਮੇਤ ਦੌਰਾ ਜ਼ਰੂਰ ਕਰਨ ਤੇ ਆਪਣੇ ਬੱਚਿਆਂ ਨੂੰ ਪੁਰਾਣੀਆਂ ਵਸਤਾਂ ਬਾਰੇ ਜਾਣੂ ਕਰਵਾਉਣ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ