Saturday, January 11, 2025
spot_img
spot_img
spot_img
spot_img

ਕਿਸੇ ਅਜੂਬੇ ਤੋਂ ਘੱਟ ਨਹੀਂ ਹੈ ਔਕਲੇਂਡ ਦਾ 328 ਮੀਟਰ ਉੱਚਾ ‘ਸਕਾਈ ਟਾਵਰ’ – 27ਵੀਂ ਸਾਲਗਿਰ੍ਹਾ ’ਤੇ ਟਿਕਟਾਂ ਹੋਈਆਂ 27 ਪ੍ਰਤੀਸ਼ਤ ਸਸਤੀਆਂ

ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, ਅਗਸਤ 10, 2024:

ਨਿਊਜ਼ੀਲੈਂਡ ਦੀ ਸ਼ਾਨ, ਆਕਲੈਂਡ ਸ਼ਹਿਰ ਦੀ ਜਾਨ ਤੇ ਵੇਖਣ ਵਾਲੇ ਨੂੰ ਅਜੂਬੇ ਵਾਂਗ ਪ੍ਰਤੀਤ ਹੁੰਦਾ ਸਕਾਈ ਟਾਵਰ ਇਸ ਮਹੀਨੇ (ਅਗਸਤ) ਆਪਣਾ 27ਵਾਂ ਜਨਮ ਦਿਵਸ (ਸਾਲਗਿਰਾ) ਮਨਾ ਰਿਹਾ ਹੈ।

ਇਸੇ ਸੰਦਰਭ ਵਿਚ ਇਸਨੂੰ ਨੇੜਿਓ ਵੇਖਣ ਵਾਲੀਆਂ ਟਿਕਟਾਂ ਦੀ ਕੀਮਤ ਵਿਚ 27% ਛੋਟ ਦਿੱਤੀ ਜਾ ਰਹੀ ਹੈ।

ਨਿਊਜ਼ੀਲੈਂਡ ਦੇ ਸ਼ਹਿਰ ਔਕਲੈਂਡ ਜਿਥੇ ਕਿ ਪੰਜਾਬੀਆਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ, ਵਿਖੇ ਇਸ ਸ਼ਹਿਰ ਦੇ ਸੁਹੱਪਣ ਨੂੰ ਚਾਰ ਚੰਦ ਲਾਉਂਦਾ ਇਹ ਦੁਨੀਆ ਦਾ 28ਵਾਂ ਉੱਚਾ ਟਾਵਰ ‘ਸਕਾਈ ਟਾਵਰ’ ਹੈ ਜਿਸ ਨੂੰ ਵੇਖਣ ਲਈ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਲੋਕ ਆਉਂਦੇ ਹਨ।

ਆਓ ਇਸ ਦੇ ਨਿਰਮਾਣ ਬਾਰੇ ਜਾਣੀਏ:- ਇਸ ਟਾਵਰ ਦੀ ਉੱਚਾਈ 328 ਮੀਟਰ (1076 ਫੁੱਟ) ਹੈ। ਇਸ ਟਾਵਰ ਦੀੇ 190 ਮੀਟਰ ਦੀ ਉਚਾਈ ’ਤੇ ਜਾ ਕੇ ਦੋ ਸਿਖਰਲੀਆਂ ਮੰਜ਼ਿਲਾਂ ਉਤੇ ਕੌਫੀ ਹਾਊਸ ਅਤੇ ਰੈਸਟੋਰੈਂਟ ਬਣਾਏ ਗਏ ਹਨ।

ਰੈਸਟੋਰੈਂਟ ਵਿਚ ਬੈਠਣ ਵਾਲਾ ਸਥਾਨ 360 ਡਿਗਰੀ ਐਂਗਲ ’ਤੇ ਪ੍ਰਤੀ ਘੰਟਾ ਪ੍ਰਤੀ ਚੱਕਰ ਘੁੰਮਦਾ ਹੈ।

180 ਮੀਟਰ ਦੀ ਉਚਾਈ ’ਤੇ ਵੇਖਣ ਲਈ ਖੁੱਲ੍ਹੀਆਂ ਗੈਲਰੀਆਂ ਬਣਾਈਆਂ ਗਈਆਂ ਹਨ ਚੱਲਣ-ਫਿਰਨ ਦੇ ਲਈ ਕੁਝ ਭਾਗ ਸ਼ੀਸ਼ੇ ਦਾ ਹੈ, ਜਿਸ ਉਤੇ ਖੜ੍ਹੇ ਹੋ ਕੇ ਤੁਸੀਂ ਪੈਰਾਂ ਥੱਲੇ ਦੀ ਧਰਤੀ ਵੇਖ ਸਕਦੇ ਹੋ।

ਇਸ ਉਤੇ ਖੜ੍ਹੇ ਹੋਣਾ ਇੰਝ ਲਗਦਾ ਹੈ ਜਿਵੇਂ ਤੁਸੀਂ ਥੱਲੇ ਡਿਗ ਰਹੇ ਹੋਵੋ। ਇਸ ਤੋਂ ਇਲਾਵਾ 220 ਮੀਟਰ ਦੀ ਉਚਾਈ ’ਤੇ ਵੀ ਇਕ ਡੈਕ ਹੈ ਜਿਥੋਂ ਖੜ੍ਹ ਕੇ ਤੁਸੀਂ ਚੁਫੇਰੇ 82 ਕਿਲੋਮੀਟਰ ਤੱਕ ਵੇਖ ਸਕਦੇ ਹੋ।

192 ਮੀਟਰ ਦੀ ਉਚਾਈ ’ਤੇ ਇਕ ਸਕਾਈ ਰੋਪ ਜੰਪ ਵੀ ਹੈ ਜਿਸ ਉਤੋਂ ਜੰਪ ਲਗਾਉਣ ਵਾਲਾ 85 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਹੇਠਾਂ ਆਉਂਦਾ ਹੈ।

ਇਸ ਟਾਵਰ ਦੀਆਂ ਉਪਰਲੀਆਂ ਮੰਜ਼ਿਲਾਂ ਉਤੇ ਟੈਲੀਕਮਿਊਨੀਕੇਟ ਅਤੇ ਬ੍ਰਾਡਕਾਸਟਿੰਗ ਅਨਟੀਨਾ ਲੱਗੇ ਹੋਏ ਹਨ। 1 ਦਸੰਬਰ 2013 ਤੋਂ ਨਿਊਜ਼ੀਲੈਂਡ ਦੇ ਸਾਰੇ ਟੈਲੀਵੀਜ਼ਨ ਡਿਜ਼ੀਟਲ ਹੋ ਗਏ ਸਨ ਅਤੇ ਐਨਾਲਾਗ ਟੀ. ਵੀ. ਸੈਟ ਬੰਦ ਕਰ ਦਿੱਤੇ ਗਏ ਸਨ।

ਇਸ ਟਾਵਰ ਨੂੰ ਬਨਾਉਣ ਦੇ ਲਈ 2 ਸਾਲ 9 ਮਹੀਨੇ ਦਾ ਸਮਾਂ ਲੱਗਾ ਸੀ ਅਤੇ 3 ਅਗਸਤ, 1997 ਨੂੰ ਇਸ ਦਾ ਉਦਘਾਟਨ ਕੀਤਾ ਗਿਆ ਸੀ। ਨਿਰਧਾਰਤ ਸਮੇਂ ਤੋਂ ਇਹ 6 ਮਹੀਨੇ ਪਹਿਲਾਂ ਬਣਾ ਦਿੱਤਾ ਗਿਆ ਸੀ।

ਇਹ ਟਾਵਰ 8 ਮੁੱਖ ਲੱਤਾਂ (ਪਿੱਲਰਾਂ) ਉਤੇ ਖੜਾ ਹੈ ਜਿਨ੍ਹਾਂ ਦਾ ਅਧਾਰ 39 ਫੁੱਟ ਡੂੰਘਾ ਹੈ। ਇਸ ਦੇ ਅੰਦਰ ਤਿੰਨ ਲਿਫ਼ਟਾਂ ਲੱਗੀਆਂ ਹੋਈਆਂ ਹਨ ਤੇ ਕੁੱਲ 1267 ਪੌੜੀਆਂ ਦੇ ਪੌਡੇ ਵੀ ਹਨ।

ਪੌੜੀਆਂ ਰਾਹੀਂ ਚੜ੍ਹਨ ਦਾ ਰਿਕਾਰਡ 4 ਮਿੰਟ 53 ਸੈਕਿੰਡ ਦਾ ਹੈ ਪਰ ਆਮ ਬੰਦੇ ਨੂੰ ਅੱਧਾ ਘੰਟਾ ਲਗ ਸਕਦਾ ਹੈ। ਇਸ ਦੇ ਨਿਰਮਾਣ ਵਿਚ 15000 ਕਿਊਬਿਕ ਮੀਟਰ ਬਜਰੀ, 2000 ਟੱਨ ਰੀਇਨਫੋਰਸਿੰਗ ਸਟੀਲ, 660 ਟੱਨ ਸਟਰੱਕਚਰ ਸਟੀਲ ਲੱਗੀ ਹੈ।

ਉਪਰਲੇ ਸਿਰੇ ਦਾ ਫਰੇਮ (ਮਾਸਟ) 170 ਟੱਨ ਭਾਰਾ ਹੈ ਜਿਸ ਨੂੰ ਬੜੇ ਹੀ ਤਕਨੀਕੀ ਤਰੀਕੇ ਨਾਲ ਦੋ ਕ੍ਰੇਨਾਂ ਦੀ ਸਹਾਇਤਾ ਨਾਲ ਫਿੱਟ ਕੀਤਾ ਗਿਆ ਸੀ।

ਇਹ ਟਾਵਰ 200 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਤੇਜ ਹਵਾ ਟਕਰਾਉਣ ਅਤੇ 8.0 ਮੈਗਨੀਚਿਊਡ ’ਤੇ ਭੁੱਚਾਲ ਆਉਣ ’ਤੇ ਵੀ ਸੁਰੱਖਿਅਤ ਰਹਿ ਸਕਦਾ ਹੈ। ਇਸ ਟਾਵਰ ਦੇ ਉਤੇ 15 ਤਰ੍ਹਾਂ ਦੀਆਂ ਲਾਈਟਾਂ ਹਨ ਜੋ ਕਿ ਵੱਖ-ਵੱਖ ਸ਼ੰਦੇਸ਼ ਵੰਡਦੀਆਂ ਹਨ।

44,45 ਅਤੇ 46ਵੀਂ ਮੰਜ਼ਿਲ ਉਤੇ ਫਾਇਰ ਪਰੂਫ ਕਮਰੇ ਹਨ ਜਿਨ੍ਹੰਾਂ ਦੇ ਵਿਚ ਅੱਗ ਨਹੀਂ ਜਾ ਸਕਦੀ। ਗੰਭੀਰ ਸਥਿਤੀ ਦੇ ਵਿਚ ਇਹ ਵਰਤੇ ਜਾ ਸਕਦੇ ਹਨ।

ਇਸਦੀ ਲਿਫਟ ਵੀ ਕਮਾਲ ਦੀ ਹੈ ਜੇਕਰ ਤੇਜ਼ ਹਵਾ ਦਾ ਖਤਰਾ ਸਕਾਈ ਟਾਵਰ ਨੂੰ ਮਹਿਸੂਸ ਹੋਵੇਗਾ ਤਾਂ ਇਹ ਲਿਫਟ ਹੌਲੀ ਹੇ ਕੇ ਹੇਠਾਂ ਪਰਤ ਆਵੇਗੀ। ਇਸ ਦੀ ਕੁਲ ਲਾਗਤ 76 ਮਿਲੀਅਨ ਡਾਲਰ ਆਈ ਸੀ।

ਇਸ ਵੇਲੇ ਪ੍ਰਤੀ ਵਿਅਕਤੀ ਟਿਕਟ 38 ਡਾਲਰ ਆਨ ਲਾਈਨ ਜਾਂ ਫਿਰ ਪਹੁੰਚ ਕੇ 42 ਡਾਲਰ ਦੀ ਖਰੀਦੀ ਜਾ ਸਕਦੀ ਹੈ। 3 ਤੋਂ 14 ਸਾਲ ਦੇ ਬੱਚੇ ਦੀ ਟਿਕਟ 18 ਡਾਲਰ ਆਨ ਲਾਈਨ ਜਾਂ ਫਿਰ ਜਾ ਕੇ 20 ਡਾਲਰ ਦੀ ਖਰੀਦੀ ਜੀ ਸਕਦੀ ਹੈ।

2 ਸਾਲ ਤੋਂ ਘੱਟ ਬੱਚੇ ਫ੍ਰੀ ਹਨ। ਜੇਕਰ ਦਿਨ ਵਿਚ ਦੋ ਵਾਰ ਜਾਣਾ ਹੋਵੇ ਤਾਂ 10 ਡਾਲਰ ਵੱਖਰੇ ਲਗਦੇ ਹਨ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ