ਯੈੱਸ ਪੰਜਾਬ
ਅੰਮ੍ਰਿਤਸਰ, 20 ਸਤੰਬਰ, 2024
ਭਾਰਤੀ ਯੁਵਾ ਅਤੇ ਖੇਡ ਮੰਤਰਾਲੇ ਅਤੇ ਭਾਰਤੀ ਖੇਡ ਅਥਾਰਟੀ (ਸਾਈ) ਦੀ ਅਗਵਾਈ ਹੇਠ ਰਗਬੀ ਇੰਡੀਆ ਵੱਲੋਂ ਅੰਮ੍ਰਿਤਸਰ ਵਿਖੇ ਏ.ਐਸ.ਐਮ.ਆਈ.ਟੀ.ਏ. ਰਗਬੀ ਲੀਗ ਕਰਵਾਈ ਜਾ ਰਹੀ ਹੈ। ਭਾਰਤੀ ਰਗਬੀ ਫੁੱਟਬਾਲ ਯੂਨੀਅਨ ਦੇ ਪ੍ਰਧਾਨ ਰਾਹੁਲ ਬੋਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਜ਼ਨ ਦਾ ਦੂਜਾ ਸੀਜ਼ਨ 21 ਅਤੇ 22 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਹੋਵੇਗਾ। ਦੋ ਰੋਜ਼ਾ ਟੂਰਨਾਮੈਂਟ ਵਿੱਚ ਕੁੱਲ 30 ਮਹਿਲਾ ਟੀਮਾਂ ਦੇ ਭਾਗ ਲੈਣ ਦੀ ਉਮੀਦ ਹੈ ਜਿਸ ਵਿੱਚ ਲਗਭਗ 400 ਖਿਡਾਰਨਾਂ ਕੋਚ ਅਤੇ ਅਧਿਕਾਰੀ ਸ਼ਾਮਲ ਹਨ।
ਓਲੰਪਿਕਸ ਖੇਡ ‘ਰਗਬੀ’ ਦੇਸ਼ ਅਤੇ ਪੰਜਾਬ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਖੇਡਾਂ ਵਿੱਚੋਂ ਇੱਕ ਹੈ। ਰਗਬੀ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਲਗਾਤਾਰ ਦੂਜੇ ਸੀਜ਼ਨ ਦਾ ਹਿੱਸਾ ਹੈ। ਸੂਬੇ ਵਿੱਚ ਰਗਬੀ ਨੇ ਪਿਛਲੇ ਇੱਕ ਦਹਾਕੇ ਤੋਂ ਖਾਸ ਕਰਕੇ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਇੱਕ ਮਹੱਤਵਪੂਰਨ ਛਾਪ ਛੱਡੀ ਹੈ ਅਤੇ ਸੂਬੇ ਨੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਬਹੁਤ ਸਾਰੇ ਅਥਲੀਟ ਪੈਦਾ ਕੀਤੇ ਹਨ।
ਖੇਲੋ ਇੰਡੀਆ ਪ੍ਰੋਗਰਾਮ ਤਹਿਤ ਲੀਗ ਦਾ ਉਦੇਸ਼ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨਾ ਅਤੇ ਪ੍ਰਾਪਤ ਕਰਨਾ ਹੈ।ਖੇਡਾਂ ਵਿੱਚ ਔਰਤਾਂ ਦੀ ਹਿੱਸੇਦਾਰੀ ਨੂੰ ਹੁਲਾਰਾ ਦੇਣਾ ਹੈ। ਏ.ਐਸ.ਐਮ.ਆਈ.ਟੀ.ਏ. (ਅਚੀਵਿੰਗ ਸਪੋਰਟਸ ਮਾਈਲਸਟੋਨ ਬਾਏ ਇੰਸਪਾਇਰਿੰਗ ਵਿਮੈਨ) ਔਰਤਾਂ ਨੂੰ ਪ੍ਰੇਰਿਤ ਕਰਕੇ ਖੇਡਾਂ ਵਿੱਚ ਮੀਲ ਪੱਥਰ ਸਥਾਪਤ ਕਰਨ ਦਾ ਕੰਮ ਕਰਦੀ ਹੈ।
2024-25 ਸੀਜ਼ਨ ਦੀ ਲੀਗ ਦੇਸ਼ ਭਰ ਦੇ 10 ਸ਼ਹਿਰਾਂ ਵਿੱਚ ਖੇਡੀ ਜਾਵੇਗੀ ਜਿਸ ਵਿੱਚ ਤਿੰਨ ਉਮਰ ਵਰਗ ਸਬ ਜੂਨੀਅਰ, ਜੂਨੀਅਰ ਤੇ ਸੀਨੀਅਰ ਸ਼ਾਮਲ ਹਨ। ਲੀਗ ਦੇ ਉਦਘਾਟਨੀ ਐਡੀਸ਼ਨ ਦੀ ਤਰ੍ਹਾਂ ਯੁਵਾ ਅਤੇ ਖੇਡ ਮੰਤਰਾਲੇ ਨੇ 30 ਲੱਖ ਰੁਪਏ ਦੇ ਨਗਦ ਇਨਾਮ ਰੱਖੇ ਗਏ ਹਨ ਜੋ ਕਿ 10 ਸ਼ਹਿਰਾਂ ਵਿੱਚ ਲੀਗ ਵਿੱਚ ਹਿੱਸਾ ਲੈਣ ਵਾਲੀਆਂ 1,080 ਜੇਤੂਆਂ ਨੂੰ ਦਿੱਤੇ ਜਾਣਗੇ।ਸਾਲ 2023 ਵਿੱਚ ਰਗਬੀ ਲੀਗ ਦੇ ਉਦਘਾਟਨੀ ਸੀਜ਼ਨ ਵਿੱਚ 3400 ਤੋਂ ਵੱਧ ਅਥਲੀਟਾਂ ਨੇ ਭਾਗ ਲਿਆ।