ਯੈੱਸ ਪੰਜਾਬ
ਅੰਮ੍ਰਿਤਸਰ, 28 ਨਵੰਬਰ, 2024
ਲੰਘੀਆਂ Maharashtra ਵਿਧਾਨ-ਸਭਾ ਚੋਣਾਂ ਚ ਭਾਜਪਾ ਦੀ ਅਗਵਾਈ ਵਾਲੇ ਮਹਾਯੁਤੀ ਗਠਜੋੜ ਨੇ 288 ਚੋ 234 ਸੀਟਾਂ ਜਿੱਤ ਕੇ ਇਤਿਹਾਸਕ ਸਫਲਤਾ ਹਾਸਲ ਕੀਤੀ ਹੈ। ਇਸ ਗਠਜੋੜ ਦਾ ਹੀ ਹਿੱਸਾ ਰਹੀ ਰਾਸ਼ਟਰਵਾਦੀ Congress Party (Ajit Pawar) ਨੇ 57 ਸੀਟਾਂ ਲੜਕੇ 41 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ।
ਇਹ ਇਤਿਹਾਸਕ ਜਿੱਤ ਦਰਜ ਕਰਣ ਵਿੱਚ Amritsar ਦੇ ਜੰਮ-ਪਲ ਨਰੇਸ਼ ਅਰੋੜਾ ਅਤੇ ਉਸ ਦੀ ਕੰਪਨੀ ਡਿਜ਼ਾਈਨ ਬਾਕ੍ਸਡ ਨੇ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ 72 ਫ਼ੀਸਦੀ ਸੀਟਾਂ ਜਿੱਤਣ ਵਿੱਚ ਉਸ ਦੀ ਸਹਾਇਤਾ ਕੀਤੀ। ਦਰਅਸਲ ਲੋਕ ਸਭਾ ਚੋਣਾਂ ਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਅਜੀਤ ਪਵਾਰ) ਨੇ ਬਹੁਤ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਸੀ ਅਤੇ ਉਹ 4 ਲੋਕ ਸਭਾ ਸੀਟਾਂ ਲੜਕੇ ਸਿਰਫ ਇੱਕ ਸੀਟ ਜਿੱਤ ਸਕੀ ਸੀ ਅਤੇ 3.61% ਵੋਟ ਹਾਸਲ ਕਰ ਸਕੀ ਸੀ।
2024 ਲੋਕ ਸਭਾ ਚੋਣਾਂ ਚ ਮਿਲੀ ਨਿਰਾਸ਼ਾਜਨਕ ਹਾਰ ਤੋਂ ਬਾਅਦ ਅਜੀਤ ਪਵਾਰ ਨੇ ਨਰੇਸ਼ ਅਰੋੜਾ ਨਾਲ ਸੰਪਰਕ ਕੀਤਾ ਜੋ ਜੁਲਾਈ ਮਹੀਨੇ ਚ ਆਪਣੀ ਟੀਮ ਨਾਲ ਮੁੰਬਈ ਪੁੱਜੇ ਅਤੇ ਸਰਵੇ ਦਾ ਕੰਮ ਸ਼ੁਰੂ ਕੀਤਾ। ਨਰੇਸ਼ ਅਰੋੜਾ ਇਸ ਤੋਂ ਪਹਿਲਾਂ 2023 ਚ ਕਰਨਾਟਕ ਵਿੱਚ ਕਾਂਗਰਸੀ ਨੇਤਾ ਡੀ ਕੇ ਸ਼ਿਵਕੁਮਾਰ ਦੀ ਮਦਦ ਕਰ ਚੁੱਕੇ ਹਨ ਅਤੇ ਰਾਜਸਥਾਨ ਵਿੱਚ ਅਸ਼ੋਕ ਗਹਿਲੋਤ ਦੇ ਵੀ ਸਿਆਸੀ ਸਲਾਹਕਾਰ ਰਹਿ ਚੁੱਕੇ ਹਨ।
ਅਜੀਤ ਪਵਾਰ ਲਈ ਨਰੇਸ਼ ਅਰੋੜਾ ਦੀ ਅਗਵਾਈ ਹੇਠ ਤਕਰੀਬਨ ਦੋ ਹਜ਼ਾਰ ਚੋਣ-ਵਿਸ਼ਲੇਸ਼ਕਾਂ ਦੀ ਟੀਮ ਨੇ ਕੰਮ ਕੀਤਾ ਜਿੰਨਾਂ ਨੇ ਪਹਿਲਾਂ ਸਰਵੇ ਕੀਤਾ ਫੇਰ ਪੂਰੇ ਮਹਾਰਾਸ਼ਟਰ ਸੂਬੇ ਚੋ ਰਾਸ਼ਟਰਵਾਦੀ ਕਾਂਗਰਸ ਪਾਰਟੀ (ਅਜੀਤ ਪਵਾਰ) ਲਈ ਮੁਫ਼ੀਦ 65 ਸੀਟਾਂ ਦੀ ਚੋਣ ਕੀਤੀ ਗਈ।
ਫੇਰ ਇਹਨਾਂ 65 ਸੀਟਾਂ ਤੇ ਹੀ ਅਜੀਤ ਪਵਾਰ ਦੀ ਅਗਵਾਈ ਵਿੱਚ ‘ਜਨ ਸੰਮਾਨ ਯਾਤਰਾ’ ਕਢਵਾਈ ਜਿਸ ਦੇ ਤਹਿਤ ਅਜੀਤ ਪਵਾਰ ਨੇ ਨੌਜਵਾਨਾਂ, ਕਿਸਾਨਾਂ ਅਤੇ ਮਹਿਲਾਵਾਂ ਨਾਲ ਰਾਬਤਾ ਕਾਇਮ ਕੀਤਾ। ਇਸੇ ‘ਜਨ ਸੰਮਾਨ ਯਾਤਰਾ’ ਦੌਰਾਨ ਅਜੀਤ ਪਵਾਰ ਨੇ ਤਕਰੀਬਨ 55 ਮਹਿਲਾ ਸਭਾਵਾਂ ਕੀਤੀਆਂ ਜਿੱਥੇ ਉਸ ਨੇ ਮਹਾਰਾਸ਼ਟਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮਾਝੀ ਲਾੜਕੀ ਬਹਿਨ’ ਯੋਜਨਾ ਬਾਰੇ ਉਹਨਾਂ ਨੂੰ ਦੱਸਿਆ। ਇਸੇ ਯਾਤਰਾ ਦੌਰਾਨ ਮਹਾਰਾਸ਼ਟਰ ਸਰਕਾਰ ਵੱਲੋਂ ਢਾਈ ਕਰੋੜ ਮਹਿਲਾਵਾਂ ਦੇ ਖਾਤਿਆਂ ਚ ਮਹੀਨਾਵਰ ਪੰਦਰਾਂ ਸੌ ਰੁਪਏ ਪਾਏ ਗਏ।
‘ਜਨ ਸੰਮਾਨ ਯਾਤਰਾ’ ਤੋਂ ਬਾਅਦ ਨਰੇਸ਼ ਅਰੋੜਾ ਅਤੇ ਉਸ ਦੀ ਟੀਮ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਅਜੀਤ ਪਵਾਰ) ਲਈ ਕਾਬਲ ਉਮ੍ਮੀਦਵਾਰਾਂ ਦੀ ਚੋਣ ਕਰਨ ਵਿੱਚ ਵੀ ਉਚੇਚੀ ਭੂਮਿਕਾ ਨਿਭਾਈ। ਜਦੋਂ ਮਹਾਯੁਤੀ ਗਠਜੋੜ ਵੱਲੋਂ ਅਜੀਤ ਪਵਾਰ ਦੀ ਪਾਰਟੀ ਲਈ 57 ਸੀਟਾਂ ਛੱਡੀਆਂ ਗਈਆਂ ਤਾਂ ਹਰੇਕ ਇਹਨਾਂ ਸਾਰੇ ਹਲਕਿਆਂ ਵਿੱਚ ਨਰੇਸ਼ ਅਰੋੜਾ ਦੀ ਟੀਮ ਵੱਲੋਂ 30 ਚੋਣ-ਪ੍ਰਚਾਰਕਾਂ ਨੂੰ ਭੇਜਿਆ ਗਿਆ ਜਿਹਨਾਂ ਨੇ ਚੋਣ ਲੜ ਰਹੇ ਉਮ੍ਮੀਦਵਾਰਾਂ ਦੀ ਟੀਮ ਨਾਲ ਰੱਲ ਕੇ ਹਰ ਘਰ ਦਸਤਕ ਦਿੱਤੀ ਅਤੇ ਅਜੀਤ ਪਵਾਰ ਵੱਲੋਂ ਲਿਖੀ ਗਈ “ਦਾਦਾ ਕੀ ਚਿੱਠੀ ” ਹਰ ਘਰ ਤੱਕ ਪਹੁੰਚਾਈ ਗਈ।
ਇਸ ਚਿੱਠੀ ਵਿੱਚ ਅਜੀਤ ਪਵਾਰ ਵੱਲੋਂ ਹਰ ਇਨਸਾਨ ਲਈ ਪੈਗ਼ਾਮ ਸੀ ਕਿ ਜੇ ਉਹ ਮੁੜ ਸੱਤਾ ਹਾਸਲ ਕਰਦਾ ਹੈ ਤਾਂ ਅਗਲੇ ਪੰਜ ਸਾਲ ਵਿੱਚ ਉਹ ਲੋਕਾਂ ਦੀ ਬਿਹਤਰੀ ਲਈ ਕਿਹੜੇ ਨਵੇਂ ਕੰਮ ਕਰੇਗਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਰੇਸ਼ ਅਰੋੜਾ ਨੇ ਦੱਸਿਆ ਕਿ ਅਜੋਕੇ ਯੁੱਗ ਵਿੱਚ ਚੋਣ ਲੜਨਾ ਵੀ ਇੱਕ ਕਲਾ ਬਣ ਚੁੱਕੀ ਹੈ ਅਤੇ ਸਮੇਂ ਦੇ ਨਾਲ-ਨਾਲ ਇਸ ਦੇ ਢੰਗ ਤਰੀਕੇ ਬਦਲ ਰਹੇ ਹਨ।
ਉਹਨਾਂ ਦੱਸਿਆ ਮਹਾਰਾਸ਼ਟਰ ਵਿੱਚ ਉਹਨਾਂ ਦੀ ਅਗਵਾਈ ਹੇਠ ਤਕਰੀਬਨ ਦੋ ਹਜ਼ਾਰ ਚੋਣ ਵਿਸ਼ਲੇਸ਼ਕ ਕੰਮ ਕਰ ਰਹੇ ਸਨ ਜਿੰਨ੍ਹਾਂ ਵਿਚ ਸਾਢੇ ਚਾਰ ਸੌ ਲੋਕ ਕਾਲ ਸੈਂਟਰ ਰਾਹੀਂ ਸਰਵੇ ਕਰ ਰਹੇ ਸਨ ਅਤੇ ਤਕਰੀਬਨ ਪੰਦਰਾਂ ਸੌ ਲੋਕ ਜ਼ਿਲਾ, ਤਹਿਸੀਲ ਅਤੇ ਬਲਾਕ ਪੱਧਰ ਤੇ ਟੀਮਾਂ ਬਣਾ ਕੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਉਸ ਦੇ ਉੰਮੀਦਵਾਰਾਂ ਦੀ ਸਹਾਇਤਾ ਕਰ ਰਹੇ ਸਨ। ਇੰਨੇ ਲੋਕਾਂ ਦੀ ਮਿਹਨਤ ਦਾ ਹੀ ਨਤੀਜਾ ਸੀ ਕਿ ਅਜੀਤ ਪਵਾਰ ਦਾ ਸਹੀ ਸੁਨੇਹਾ ਸਮੇਂ ਸਿਰ ਸਹੀ ਲੋਕਾਂ ਤੱਕ ਪੁੱਜਿਆ ਜਿਸ ਦੇ ਨਤੀਜੇ ਦੇ ਤੌਰ ਤੇ ਲੋਕਾਂ ਨੇ ਉਸ ਦੇ ਹੱਕ ਵਿੱਚ ਫਤਵਾ ਦੇਣ ਦਾ ਮਨ ਬਣਾਇਆ।
ਨਰੇਸ਼ ਅਰੋੜਾ ਮਹਾਰਾਸ਼ਟਰ ਤੋਂ ਪਹਿਲਾਂ ਕਰਨਾਟਕ, ਰਾਜਸਥਾਨ, ਹਿਮਾਚਲ ਪ੍ਰਦੇਸ਼, ਛੱਤੀਸਗੜ੍ਹ ਵਿਖੇ ਕਾਂਗਰਸ ਪਾਰਟੀ ਨਾਲ ਰੱਲ ਕੇ ਕੰਮ ਕਰ ਚੁੱਕੇ ਹਨ ਜਿੱਥੇ ਉਹਨਾਂ ਦੀ ਸਰਕਾਰ ਬਣੀ। ਨਰੇਸ਼ ਅਰੋੜਾ ਦਾ ਪਿਛੋਕੜ ਅੰਮ੍ਰਿਤਸਰ ਸ਼ਹਿਰ ਦਾ ਹੀ ਹੈ ਅਤੇ ਪਿਛਲੇ ਅੱਠ ਸਾਲਾਂ ਤੋਂ ਉਹ ਰਾਜਸੀ ਪਾਰਟੀਆਂ ਨਾਲ ਜੁੜ ਕੇ ਉਹਨਾਂ ਦੀਆਂ ਚੋਣ ਮੁਹਿੰਮਾਂ ਚਲਾ ਰਹੇ ਹਨ।