ਯੈੱਸ ਪੰਜਾਬ
ਅੰਮ੍ਰਿਤਸਰ, 8 ਨਵੰਬਰ, 2024
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅੱਜ ਸ਼ਹਿਰ ਦੇ ਪੌਸ਼ ਇਲਾਕੇ ਨੋਵਲਟੀ ਚੌਕ ਪੁੱਜੇ, ਜਿੱਥੇ ਉਨ੍ਹਾਂ ਨੇ ਨਗਰ ਨਿਗਮ, ਬਿਜਲੀ ਵਿਭਾਗ ਅਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੂੰ ਸੜਕਾਂ ਦੇ ਆਲੇ-ਦੁਆਲੇ ਕੀਤੇ ਕਬਜ਼ਿਆਂ ਅਤੇ ਗੰਦਗੀ ਦੇ ਹਾਲਾਤ ਦੱਸੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ 15 ਦਿਨਾਂ ਦੇ ਅੰਦਰ ਸ਼ਹਿਰ ਦੇ ਹਾਲਾਤ ਨਾ ਸੁਧਰੇ ਅਤੇ ਗੰਦਗੀ ਨਾ ਹਟਾਈ ਗਈ ਤਾਂ ਉਹ ਅਣਮਿੱਥੇ ਸਮੇਂ ਲਈ ਭੁਖ ਹੜਤਾਲ ‘ਤੇ ਚਲੇ ਜਾਣਗੇ।
ਇਸ ਤੋਂ ਪਹਿਲਾਂ ਸਵੇਰੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਨਗਰ ਨਿਗਮ ਦੇ ਸਿਹਤ ਅਫ਼ਸਰ ਡਾ: ਯੋਗੇਸ਼ ਸ਼ਰਮਾ, ਸਿਹਤ ਅਫ਼ਸਰ ਡਾ: ਕਿਰਨ, ਸਹਾਇਕ ਮੈਡੀਕਲ ਅਫ਼ਸਰ ਡਾ: ਰਮਾ, ਬਿਜਲੀ ਵਿਭਾਗ ਦੇ ਕਾਰਜਕਾਰੀ ਮਨਦੀਪ ਸਿੰਘ ਨਾਲ ਦਫ਼ਤਰ ਵਿੱਚ ਮੀਟਿੰਗ ਕੀਤੀ ਸ਼ਹਿਰ ਦੇ ਹਾਲਾਤਾਂ ‘ਤੇ ਚਰਚਾ ਕੀਤੀ ਗਈ ਅਤੇ ਫਿਰ ਸੰਸਦ ਮੈਂਬਰ ਔਜਲਾ ਨੇ ਉਨ੍ਹਾਂ ਨੂੰ ਅਸਲੀਅਤ ਦਿਖਾਉਣ ਲਈ ਜ਼ਮੀਨ ‘ਤੇ ਬੁਲਾਇਆ। ਉਨ੍ਹਾਂ ਅਧਿਕਾਰੀਆਂ ਨੂੰ ਨਾਵਲਟੀ ਚੌਂਕ ਵਿਖੇ ਕੀਤੇ ਗਏ ਕਬਜ਼ਿਆਂ ਅਤੇ ਗੰਦਗੀ ਦੇ ਹਾਲਤ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਭ ਤੋਂ ਵਿਅਸਤ ਅਤੇ ਪਸੰਦੀਦਾ ਜਗ੍ਹਾ ਗੰਦਗੀ ਨਾਲ ਭਰੀ ਹੋਈ ਹੈ।
ਸੁੰਦਰਤਾ ਦਾ ਕੋਈ ਨਾਮੋ-ਨਿਸ਼ਾਨ ਨਹੀਂ, ਚੂਹਿਆਂ ਨੇ ਸਾਰਾ ਇਲਾਕਾ ਵਿਗਾੜ ਦਿੱਤਾ ਹੈ ਪਰ ਨਿਗਮ ਸੁੱਤਾ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਲਈ ਨਗਰ ਨਿਗਮ ਦੇ ਅਧਿਕਾਰੀਆਂ ਦੇ ਨਾਲ-ਨਾਲ ਪੰਜਾਬ ਸਰਕਾਰ ਵੀ ਜ਼ਿੰਮੇਵਾਰ ਹੈ। ਕਿਉਂਕਿ ਨਗਰ ਨਿਗਮ ਕੋਲ ਫੰਡਾਂ ਦੀ ਘਾਟ ਹੈ। ਨਗਰ ਨਿਗਮ ਨੂੰ ਵਿੱਤ ਕਮਿਸ਼ਨ ਤੋਂ ਵੀ ਪੈਸੇ ਨਹੀਂ ਮਿਲ ਰਹੇ ਅਤੇ ਹੁਣ ਉਨ੍ਹਾਂ ਕੋਲ ਤਨਖਾਹਾਂ ਦੇਣ ਲਈ ਵੀ ਪੈਸੇ ਨਹੀੰ ਹਨ ਪਰ ਫਿਰ ਵੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ।
ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੀਆਂ ਸੀਟਾਂ ਤੋਂ ਉੱਠ ਕੇ ਹਫ਼ਤੇ ਵਿੱਚ ਘੱਟੋ-ਘੱਟ ਤਿੰਨ ਦਿਨ ਜ਼ਮੀਨੀ ਪੱਧਰ ’ਤੇ ਸਥਿਤੀ ਨੂੰ ਦੇਖਣ। ਕਿਉਂਕਿ ਫਾਈਲਾਂ ਵਿੱਚ ਕੰਮ ਤਾਂ ਹੋ ਰਿਹਾ ਹੈ ਪਰ ਅਸਲੀਅਤ ਤੋਂ ਕੋਹਾਂ ਦੂਰ ਹੈ।
ਸੰਸਦ ਮੈਂਬਰ ਔਜਲਾ ਨੇ ਕਿਹਾ ਕਿ ਘੱਟੋ-ਘੱਟ ਸ਼ਹਿਰ ਦੇ ਪੌਸ਼ ਇਲਾਕਿਆਂ ਨੂੰ ਸਾਫ਼ ਰੱਖਿਆ ਜਾਵੇ ਤਾਂ ਜੋ ਸੈਲਾਨੀਆਂ ਨੂੰ ਨਿਰਾਸ਼ ਨਾ ਹੋਣਾ ਪਵੇ। ਸੰਸਦ ਮੈਂਬਰ ਔਜਲਾ ਨੇ ਉਨ੍ਹਾਂ ਨੂੰ ਨਾਵਲਟੀ ਚੌਕ ਦਾ ਹਰ ਕੋਨਾ ਦਿਖਾਇਆ ਅਤੇ ਕਈ ਵਿਕਾਸ ਕਾਰਜਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਨਗਰ ਨਿਗਮ ਅਧਿਕਾਰੀ ਇਨ੍ਹਾਂ ਕੰਮਾਂ ਲਈ ਐਸਟੀਮੇਟ ਬਣਾਵੇ ਅਤੇ ਉਹ ਇਸ ਲਈ ਐਮ.ਪੀ ਲੈਡ ਫੰਡ ਦੇਣਗੇ।
ਸੰਸਦ ਮੈਂਬਰ ਔਜਲਾ ਨੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸ਼ਹਿਰ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ, ਇਕੱਲੇ ਅੰਮ੍ਰਿਤਸਰ ਹੀ ਨਹੀਂ ਸਗੋਂ ਪੂਰੇ ਪੰਜਾਬ ਵਿਚ ਇਹੋ ਹਾਲ ਹੈ, ਜਦੋਂ ਕਿ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਸਰਕਾਰ ਦੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸ਼ਹਿਰ ਵਿੱਚ ਕੂੜਾ ਚੁੱਕਣ ਲਈ ਕੰਪਨੀ ਨਾਲ ਗੱਲਬਾਤ ਦਾ ਜਾਇਜ਼ਾ ਵੀ ਲਿਆ। ਜਿਸ ਅਨੁਸਾਰ ਇਸ ਦਾ ਵੀ 15 ਦਿਨਾਂ ਵਿੱਚ ਹੱਲ ਕਰ ਲਿਆ ਜਾਵੇਗਾ। ਸੰਸਦ ਮੈਂਬਰ ਔਜਲਾ ਨੇ ਕਿਹਾ ਕਿ ਜੇਕਰ 15 ਦਿਨਾਂ ਵਿੱਚ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਅਤੇ ਲੋਕਾਂ ਨੂੰ ਰਾਹਤ ਨਾ ਮਿਲੀ ਤਾਂ ਉਹ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠ ਕੇ ਸਰਕਾਰ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਟਰੱਸਟ ਨੂੰ ਜਗਾਉਣਗੇ।