ਯੈੱਸ ਪੰਜਾਬ
ਚੰਡੀਗੜ੍ਹ, 20 ਦਸੰਬਰ, 2024
ਗ੍ਰਹਿ ਮੰਤਰੀ Amit Shah ਵੱਲੋਂ ਸੰਸਦ ਵਿੱਚ Dr. Bhimrao Ambedkar ਬਾਰੇ ਕੀਤੀ ਗਈ ਅਪਮਾਨਜਨਕ ਟਿੱਪਣੀ ਦੀ Aam Aadmi Party Punjab ਦੇ ਸੀਨੀਅਰ ਆਗੂ ਅਤੇ ਵਿੱਤ ਮੰਤਰੀ Harpal Singh Cheema ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
Harpal Cheema ਨੇ ਕਿਹਾ ਕਿ ਅਮਿਤ ਸ਼ਾਹ ਨੇ ਬਾਬਾ ਸਾਹਿਬ ਅੰਬੇਡਕਰ ਦਾ ਨਹੀਂ, ਦਲਿਤਾਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਨੇ ਇਹ ਬਿਆਨ ਦੇ ਕੇ ਦੇਸ਼ ਦੇ ਦਲਿਤ ਭਾਈਚਾਰੇ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।ਉਨ੍ਹਾਂ ਨੂੰ ਤੁਰੰਤ ਦੇਸ਼ ਦੀ ਜਨਤਾ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਚੀਮਾ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ ਸੰਸਦ ਵਿੱਚ ਮਜ਼ਾਕ ਉਡਾਉਣਾ ਬਹੁਤ ਮੰਦਭਾਗਾ ਹੈ। ਲੋਕਤੰਤਰ ਲਈ ਇਸ ਤੋਂ ਵੱਧ ਦੁਖਦਾਈ ਗੱਲ ਹੋਰ ਕੋਈ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਦੇ ਬਿਆਨ ਨਾਲ ਦੇਸ਼ ਦੇ ਦਲਿਤ ਭਾਈਚਾਰੇ ਅੰਦਰ ਨਿਰਾਸ਼ਾ ਦੀ ਭਾਵਨਾ ਫੈਲ ਗਈ ਹੈ। ਭਾਰਤੀ ਜਨਤਾ ਪਾਰਟੀ ਨੂੰ ਇਸ ਮਾਮਲੇ ਤੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਅਤੇ ਦਲਿਤ ਭਾਈਚਾਰੇ ਤੋਂ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ ਸੰਵਿਧਾਨ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੂੰ ਨਫ਼ਰਤ ਕਰਦੀ ਹੈ। ਇਹ ਗੱਲ ਹਮੇਸਾਂ ਤੋਂ ਉਨ੍ਹਾਂ ਦੇ ਦਿਲ ਵਿਚ ਸੀ, ਉਸ ਦਿਨ ਉਨ੍ਹਾਂ ਦੀ ਜ਼ੁਬਾਨ ‘ਤੇ ਆ ਗਈ। ਇਹ ਗੱਲਾਂ ਦਰਸਾਉਂਦੀਆਂ ਹਨ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ ਸੰਵਿਧਾਨ ਨੂੰ ਇਸ ਲਈ ਖਤਮ ਕਰਨਾ ਚਾਹੁੰਦੀ ਹੈ ਕਿਉਂਕਿ ਉਹ ਅੰਬੇਡਕਰ ਦੀ ਸੋਚ ਤੋਂ ਡਰਦੀ ਹੈ।