ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 15 ਜਨਵਰੀ, 2025
ਭਾਰਤੀ-ਅਮਰੀਕੀ ਭਾਈਚਾਰੇ ਲਈ ਇਹ ਵੱਡੀ ਖੁਸ਼ੀ ਤੇ ਸੰਤੁਸ਼ਟੀ ਵਾਲੀ ਗੱਲ ਹੈ ਕਿ ਅਮਰੀਕਾ ਦੀ ਰਾਜਨੀਤੀ ਵਿਚ ਭਾਰਤੀਆਂ ਦਾ ਹਿੱਸਾ ਨਿਰੰਤਰ ਵਧ ਰਿਹਾ ਹੈ। ਭਾਰਤੀ ਮੂਲ ਦੇ 6 ਉਮੀਦਵਾਰ ਚੋਣ ਜਿੱਤ ਕੇ 119 ਵੀਂ Congress ਵਿਚ ਪਹੁੰਚਣ ਵਿੱਚ ਸਫਲ ਰਹੇ ਹਨ ਜਦ ਕਿ 2013 ਤੋਂ ਪਹਿਲਾਂ Congress ਵਿਚ ਇਕ ਵੀ ਪ੍ਰਤੀਨਿੱਧ ਭਾਰਤੀ ਮੂਲ ਦਾ ਨਹੀਂ ਸੀ।
2024 ਦੀਆਂ ਚੋਣਾਂ ਵਿਚ ਜਿਹੜੇ ਭਾਰਤੀ ਮੂਲ ਦੇ ਉਮੀਦਵਾਰ ਚੋਣ ਜਿੱਤ ਕੇ ਪ੍ਰਤੀਨਿੱਧ ਸਦਨ ਵਿਚ ਪਹੁੰਚੇ ਹਨ, ਉਨਾਂ ਵਿਚ ਅਮੀ ਬੇਰਾ, ਪਰਾਮਿਲਾ ਜੈਯਾਪਾਲ, ਆਰ ਓ ਖੰਨਾ, ਰਾਜਾ ਕ੍ਰਿਸ਼ਨਾਮੂਰਤੀ, ਸ੍ਰੀ ਥਾਨੇਦਾਰ ਤੇ ਸੁਹਾਸ ਸੁਬਰਾਮਨੀਅਮ ਸ਼ਾਮਿਲ ਹਨ। ਅਮੀ ਬੇਰਾ ਨੇ ਭਾਰਤੀਆਂ ਦੀ ਇਸ ਪ੍ਰਾਪਤੀ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ 2013 ਵਿਚ ਉਹ ਇਕੱਲਾ ਹੀ ਕਾਂਗਰਸ ਦਾ ਮੈਂਬਰ ਸੀ ਤੇ ਅਮਰੀਕੀ ਕਾਂਗਰਸ ਦੇ ਇਤਿਹਾਸ ਵਿਚ ਉਹ ਤੀਸਰਾ ਵਿਅਕਤੀ ਸੀ ਜੋ ਚੋਣ ਜਿੱਤਿਆ ਸੀ।
ਉਸ ਤੋਂ ਬਾਅਦ ਪਿਛਲੇ ਇਕ ਦਹਾਕੇ ਦੌਰਾਨ ਸਾਡੀ ਗਿਣਤੀ ਵਧੀ ਤੇ ਜੈਯਾਪਾਲ, ਖੰਨਾ, ਕ੍ਰਿਸ਼ਨਾਮੂਰਤੀ ਤੇ ਥਾਨੇਦਾਰ ਮੇਰੇ ਨਾਲ ਆ ਰਲੇ ਤੇ ਪਿਛਲੇ ਸਾਲ ਸੁਬਰਾਮਨੀਅਮ ਦੇ ਜਿੱਤਣ ਨਾਲ ਅਸੀਂ 6 ਹੋ ਗਏ ਹਾਂ ਜੋ ਭਾਰਤੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਜੈਯਾਪਾਲ ਪਹਿਲੀ ਇਕੋ ਇਕ ਭਾਰਤੀ-ਅਮੀਰੀਕੀ ਔਰਤ ਹੈ, ਜੋ ਕਾਂਗਰਸ ਵਿਚ ਪੁੱਜੀ ਹੈ।
ਉਸ ਨੇ ਕਿਹਾ ਕਿ ਉਹ 16 ਸਾਲ ਦੀ ਉਮਰ ਵਿਚ ਖਾਲੀ ਹੱਥ ਇਕੱਲੀ ਅਮਰੀਕਾ ਆਈ ਸੀ। ਅੱਜ ਖੁਸ਼ ਹਾਂ ਕਿ ਮੈ ਵੀ ਕਾਂਗਰਸ ਦੀ ਮੈਂਬਰ ਹਾਂ। ਭਾਰਤੀ ਦਲ ਦੇ ਸਹਿ ਪ੍ਰਧਾਨ ਖੰਨਾ ਨੇ ਕਿਹਾ ਹੈ ਕਿ ਇਹ ਮਾਣ ਵਾਲੀ ਗੱਲ ਹੈ ਕਿ ਸਾਡੀ ਅੱਜ ਰਿਕਾਰਡ ਗਿਣਤੀ ਹੈ, ਅਸੀਂ ਸਾਰੇ ਭਾਰਤ ਨਾਲ ਰੱਖਿਆ ਤੇ ਰਣਨੀਤਿਕ ਭਾਈਵਾਲੀ ਦੇ ਖੇਤਰ ਵਿਚ ਅਮਰੀਕਾ ਦੇ ਸਬੰਧਾਂ ਨੂੰ ਹੋਰ ਮਜਬੂਤ ਬਣਾਉਣ ਲਈ ਕੰਮ ਕਰਨਾ ਜਾਰੀ ਰਖਾਂਗੇ।
ਕ੍ਰਿਸ਼ਨਾਮੂਰਤੀ ਜਿਸ ਨੇ 8 ਸਾਲ ਪਹਿਲਾਂ ਭਾਰਤੀ ਮੈਂਬਰਾਂ ਦੇ ਸਮੂੰਹ ਦਾ ਨਾਂ ”ਸਮੋਸਾ ਦਲ” ਰਖਿਆ ਸੀ , ਨੇ ਕਿਹਾ ਹੈ ਕਿ ਅਸੀਂ ਇਸ ਦਲ ਵਿਚ ਸ਼ਾਮਿਲ ਹੋਏ ਨਵੇਂ ਪ੍ਰਤੀਨਿੱਧ ਸੁਬਰਾਮਨੀਅਮ ਦਾ ਸਵਾਗਤ ਕਰਦੇ ਹਾਂ।
ਅਸੀਂ ਇਕੱਠੇ ਮਿਲ ਕੇ ਲੋਕਾਂ ਦੀ ਸੇਵਾ ਕਰਾਂਗੇ ਤੇ ਭਾਰਤੀ ਅਮਰੀਕੀਆਂ ਦੀ ਅਗਲੀ ਪੀੜੀ ਨੂੰ ਸੇਵਾ ਕਰਨ ਲਈ ਪ੍ਰੇਰਾਂਗੇ। ਸ੍ਰੀ ਥਾਨੇਦਾਰ ਨੇ ਆਪਣੇ ਅਮਰੀਕਾ ਆਉਣ ਦਾ ਤਜ਼ਰਬਾ ਸਾਂਝਾ ਕਰਦਿਆਂ ਕਿਹਾ ਕਿ ਮੈ ਕੇਵਲ 20 ਡਾਲਰ ਲੈ ਕੇ ਅਮਰੀਕਾ ਆਇਆ ਸੀ ਪਰੰਤੂ ਸਖਤ ਮਿਹਨਤ ਤੇ ਮੌਕਿਆਂ ਦੀ ਭਾਲ ਵਿਚ ਵਿਸ਼ਵਾਸ਼ ਰਖਣ ਸਦਕਾ ਅੱਜ ਮੈ ਕਾਂਗਰਸ ਦਾ ਮੈਂਬਰ ਹਾਂ।
ਪਹਿਲੀ ਵਾਰ ਵਰਜੀਨੀਆ ਤੋਂ ਚੋਣ ਜਿੱਤ ਕੇ ਪ੍ਰਤੀਨਿੱਧ ਸਦਨ ਵਿਚ ਪਹੁੰਚੇ ਸੁਬਰਾਮਨੀਅਮ ਨੇ ਕਿਹਾ ਹੈ ਕਿ ਉਸ ਨੂੰ ਆਪਣੇ ਭਾਰਤੀ-ਅਮਰੀਕੀ ਸਾਥੀਆਂ ਨਾਲ ਕੰਮ ਕਰਕੇ ਮਾਣ ਮਹਿਸੂਸ ਹੋਵੇਗਾ। ਮੈ ਪਹਿਲਾ ਭਾਰਤੀ ਅਮਰੀਕੀ ਹਾਂ ਜੋ ਵਰਜੀਨੀਆ ਤੋਂ ਜਿੱਤਿਆ ਹੈ ਪਰੰਤੂ ਮੈਨੂੰ ਵਿਸ਼ਵਾਸ਼ ਹੈ ਕਿ ਇਹ ਗਿਣਤੀ ਹੋਰ ਵਧੇਗੀ।