ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਦਸੰਬਰ 9, 2024:
ਤਕਰੀਬਨ ਇਕ ਸਾਲ ਪਹਿਲਾਂ ਹੋਏ ਸੜਕ ਹਾਦਸੇ ਵਿਚ ਯੁਨੀਵਰਸਿਟੀ ਆਫ ਨਿਊ ਹੈਵਨ ਵਿਚ ਪੜਦੇ ਭਾਰਤੀ ਗਰੈਜੂਏਟ ਵਿਦਿਆਰਥੀ Priyanshu Agarwal (23) ਦੀ ਹੋਈ ਮੌਤ ਦੇ ਮਾਮਲੇ ਵਿਚ ਪੁਲਿਸ ਵੱਲੋਂ 41 ਸਾਲਾ ਔਰਤ Jill Aujli ਨੂੰ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਲੰਬੀ ਜਾਂਚ ਉਪਰੰਤ ਔਰਤ ਦੀ ਗ੍ਰਿਫਤਾਰੀ ਸੰਭਵ ਹੋਈ ਹੈ।
ਉਸ ਵਿਰੁੱਧ ਜਿੰਮੇਵਾਰੀ ਨਾ ਨਿਭਾਉਣ ਕਾਰਨ ਹੋਈ ਮੌਤ ਦੇ ਦੋਸ਼ ਲਾਏ ਗਏ ਹਨ। ਅਗਰਵਾਲ ਜੋ ਮੂਲ ਰੂਪ ਵਿਚ ਦਿਓਲੀ, ਰਾਜਸਥਾਨ ਦਾ ਰਹਿਣ ਵਾਲਾ ਸੀ, 2022 ਵਿਚ ਮਾਸਟਰ ਡਿਗਰੀ ਕਰਨ ਲਈ ਅਮਰੀਕਾ ਆਇਆ ਸੀ।
ਉਹ ਆਪਣੀ ਪੜਾਈ ਮੁਕੰਮਲ ਕਰਨ ਦੇ ਨੇੜੇ ਸੀ ਤੇ ਨੌਕਰੀ ਲੱਭ ਰਿਹਾ ਸੀ ਜਦੋਂ ਇਹ ਦੁੱਖਦਾਈ ਹਾਦਸਾ ਵਾਪਰ ਗਿਆ। 18 ਅਕਤੂਬਰ 2023 ਨੂੰ ਵਾਪਰੇ ਹਾਦਸੇ ਵਿਚ ਅਗਰਵਾਲ ਜਦੋਂ ਇਕ ਇਲੈਕਟ੍ਰਿਕ ਸਕੂਟਰ ‘ਤੇ ਜਾ ਰਿਹਾ ਸੀ ਤਾਂ ਇਕ ਕਾਰ ਨੇ ਉਸ ਵਿਚ ਟੱਕਰ ਮਾਰ ਦਿੱਤੀ ਸੀ ਤੇ ਕਾਰ ਚਾਲਕ ਰੁਕਣ ਦੀ ਬਜਾਏ ਕਾਰ ਭਜਾ ਕੇ ਲੈ ਗਿਆ ਸੀ ।
ਉਸ ਨੂੰ ਯੇਲ ਨਿਊ ਹੈਵਨ ਹਸਪਤਾਲ ਲਿਜਾਇਆ ਗਿਆ ਜਿਥੇ ਉਹ ਦਮ ਤੋੜ ਗਿਆ ਸੀ। ਪੁਲਿਸ ਮੁਖੀ ਕਾਰਲ ਜੈਕੋਬਸਨ ਨੇ ਕਿਹਾ ਹੈ ਕਿ ਸ਼ੁਰੂ ਵਿਚ ਸਬੂਤਾਂ ਦੀ ਘਾਟ ਕਾਰਨ ਔਜਲੀ ਵਿਰੁੱਧ ਮਾਮਲਾ ਦਾਇਰ ਨਹੀਂ ਸੀ ਕੀਤਾ ਜਾ ਸਕਿਆ।
ਜਾਂਚਕਾਰਾਂ ਨੂੰ ਉਸ ਦੇ ਸੈੱਲਫੋਨ ਤੋਂ ਵਿਸ਼ੇਸ਼ ਜੀ ਪੀ ਐਸ ਵੇਰਵਾ ਮਿਲਿਆ ਜਿਸ ਤੋਂ ਪਤਾ ਲੱਗਾ ਕਿ ਹਾਦਸੇ ਵਿਚ ਉਸ ਦੀ ਕਾਰ ਹੀ ਸ਼ਾਮਿਲ ਸੀ।
ਇਸ ਤੋਂ ਇਲਾਵਾ ਫੌਰੈਂਸਿਕ ਜਾਂਚ ਵਿਚ ਵੀ ਉਸ ਦੀ ਕਾਰ ਉਪਰ ਅਗਰਵਾਲ ਦੇ ਡੀ ਐਨ ਏ ਦੀ ਪੁਸ਼ਟੀ ਹੋਣ ਉਪਰੰਤ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਅਗਰਵਾਲ ਦੇ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਔਜਲੀ ਕਾਰ ਰੋਕ ਕੇ ਅਗਰਵਾਲ ਦੀ ਮੱਦਦ ਕਰਦੀ ਤਾਂ ਸ਼ਾਇਦ ਉਹ ਬੱਚ ਜਾਂਦਾ। ਇਥੇ ਜਿਕਰਯੋਗ ਹੈ ਕਿ ਵੱਡੀ ਘਟਨਾ ਵਾਪਰਨ ਜਾਣ ਦੇ ਬਾਵਜੂਦ ਅਗਰਵਾਲ ਦੇ ਪਰਿਵਾਰ ਨੇ ਉਸ ਦਾ ਦਿੱਲ ਦਾਨ ਕਰ ਦਿੱਤਾ ਸੀ।