ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 18 ਦਸੰਬਰ, 2024
America ਦੇ ਵਿਸਕਾਨਸਿਨ ਰਾਜ ਦੀ ਰਾਜਧਾਨੀ Madison ਦੇ ਇਕ ਨਿੱਜੀ ਸਕੂਲ ਵਿਚ ਸਕੂਲ ਦੇ ਹੀ ਇਕ ਵਿਦਿਆਰਥੀ ਵੱਲੋਂ ਕੀਤੀ ਗੋਲੀਬਾਰੀ ਵਿਚ ਇਕ ਅਧਿਆਪਕ ਤੇ ਇਕ ਵਿਦਿਆਰਥੀ ਦੀ ਮੌਤ ਹੋਣ ਤੇ 6 ਹੋਰ ਵਿਦਿਆਰਥੀਆਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਪੁਲਿਸ ਅਨੁਸਾਰ ਹਮਲਾਵਰ ਵਿਦਿਆਰਥੀ ਵੀ ਮੌਕੇ ‘ਤੇ ਮ੍ਰਿਤਕ ਹਾਲਤ ਵਿਚ ਮਿਲਿਆ ਹੈ।
Madison Police ਮੁਖੀ ਸ਼ੋਨ ਬਰਨਸ ਅਨੁਸਾਰ ਅਬਨਡੈਂਟ ਲਾਈਫ ਕ੍ਰਿਸਚੀਅਨ ਸਕੂਲ ਵਿਚ ਗੋਲੀਆਂ ਚੱਲਣ ਦੀ ਸੂਚਨਾ ਮਿਲਣ ‘ਤੇ ਪੁਲਿਸ ਅਫਸਰ ਤੁਰੰਤ ਮੌਕੇ ਉਪਰ ਪੁੱਜੇ। ਬਰਨਸ ਅਨੁਸਾਰ ਇਕ ਅਧਿਆਪਕ ਤੇ ਵਿਦਿਆਰਥੀ ਮੌਕੇ ਉਪਰ ਹੀ ਦਮ ਤੋੜ ਗਏ ਜਦ ਕਿ ਜ਼ਖਮੀ ਹੋਏ 6 ਵਿਦਿਆਰਥੀਆਂ ਵਿਚੋਂ 2 ਦੀ ਹਾਲਤ ਗੰਭੀਰ ਹੈ।
ਬਾਕੀ 4 ਦੀ ਹਾਲਤ ਖਤਰੇ ਤੋਂ ਬਾਹਰ ਹੈ। ਉਨਾਂ ਕਿਹਾ ਕਿ ਅੱਜ ਦਾ ਦਿਨ ਨਾ ਕੇਵਲ ਮੈਡੀਸਨ ਸ਼ਹਿਰ ਬਲਕਿ ਸਮੁੱਚੇ ਦੇਸ਼ ਲਈ ਦੁੱਖਦਾਈ ਦਿਨ ਹੈ। ਉਨਾਂ ਸਪੱਸ਼ਟ ਕੀਤਾ ਕਿ ਇਸ ਘਟਨਾ ਵਿਚ ਪੁਲਿਸ ਵੱਲੋਂ ਕੋਈ ਵੀ ਗੋਲੀ ਨਹੀਂ ਚਲਾਈ ਗਈ ਤੇ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਘਟਨਾ ਵਾਪਰ ਚੁੱਕੀ ਸੀ। ਉਨਾਂ ਕਿਹਾ ਕਿ ਸਕੂਲ ਨੂੰ ਖਾਲੀ ਕਰਵਾ ਕੇ ਸਮੁੱਚੇ ਸਕੂਲ ਦਾ ਜਾਇਜਾ ਲਿਆ ਗਿਆ ਹੈ।
ਮੈਡੀਸਨ ਅੱਗ ਬੁਝਾਊ ਵਿਭਾਗ ਦੇ ਮੁਖੀ ਕ੍ਰਿਸ ਕਾਰਬਨ ਨੇ ਇਕ ਪ੍ਰੈਸ ਬਿਆਨ ਵਿਚ ਦਸਿਆ ਹੈ ਕਿ 4 ਜ਼ਖਮੀਆਂ ਨੂੰ ਐਸ ਐਸ ਐਮ ਹੈਲਥ ਸੇਂਟ ਮੈਰੀ ਹਸਪਤਾਲ ਜਦ ਕਿ ਬਾਕੀ ਜ਼ਖਮੀਆਂ ਨੂੰ ਯੁਨੀਵਰਸਿਟੀ ਆਫ ਵਿਸਕਾਨਸਿਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਬਾਈਡਨ ਵੱਲੋਂ ਅਫਸੋਸ- ਰਾਸ਼ਟਰਪਤੀ ਜੋ ਬਾਈਡਨ ਨੇ ਸਕੂਲ ਵਿਚ ਹੋਈ ਗੋਲੀਬਾਰੀ ਦੀ ਘਟਨਾ ਦੀ ਨਿੰਦਾ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਇਸ ਦੇ ਨਾਲ ਹੀ ਉਨਾਂ ਨੇ ਕਾਂਗਰਸ ਨੂੰ ਬੇਨਤੀ ਕੀਤੀ ਹੈ ਕਿ ਉਹ ਗੰਨ ਹਿੰਸਾ ਉਪਰ ਕਾਬੂ ਪਾਉਣ ਲਈ ਸਖਤ ਕਾਨੂੰਨ ਪਾਸ ਕਰੇ। ਬਾਈਡਨ ਨੇ ਕਿਹਾ ਹੈ ਕਿ ”ਇਹ ਘਟਨਾ ਅਫਸੋਸਨਾਕ ਤੇ ਸਮਝ ਤੋਂ ਬਾਹਰ ਹੈ। ਇਸ ਨੂੰ ਸਵਿਕਾਰ ਨਹੀਂ ਕੀਤਾ ਜਾ ਸਕਦਾ। ਅਸੀਂ ਗੰਨ ਹਿੰਸਾ ਤੋਂ ਆਪਣੇ ਬੱਚਿਆਂ ਨੂੰ ਬਚਾਉਣ ਵਿਚ ਅਸਮਰਥ ਹਾਂ।”