ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 17 ਦਸੰਬਰ, 2024
Nevada ਵਿਚ ਇਕ ਸੰਘੀ ਜਿਊਰੀ ਨੇ ਉਸ ਔਰਤ ਨੂੰ 3.4 ਕਰੋੜ ਡਾਲਰ ਮੁਆਵਜ਼ੇ ਵਜੋਂ ਦੇਣ ਦਾ ਆਦੇਸ਼ ਦਿੱਤਾ ਹੈ ਜਿਸ ਨੂੰ 2001 ਵਿਚ ਇਕ ਬੇਘਰੇ ਵਿਅਕਤੀ ਦੀ ਹੱਤਿਆ ਦੇ ਮਾਮਲੇ ਵਿਚ ਗਲਤੀ ਨਾਲ ਦੋਸ਼ੀ ਕਰਾਰ ਦੇ ਕੇ ਜੇਲ ਭੇਜ ਦਿੱਤਾ ਗਿਆ ਸੀ। ਕ੍ਰਿਸਟਿਨ ਲੋਬਾਟੋ ਨਾਮੀ ਔਰਤ ਨੂੰ ਤਕਰੀਬਨ 16 ਸਾਲ ਕੈਦ ਕੱਟਣ ਉਪਰੰਤ ਜਨਵਰੀ 2018 ਵਿਚ ਰਿਹਾਅ ਕਰ ਦਿੱਤਾ ਗਿਆ ਸੀ।
Civil ਟਰਾਇਲ ਜਿਊਰੀ ਨੇ ਆਪਣੇ ਨਿਰਨੇ ਵਿਚ ਕਿਹਾ ਹੈ ਕਿ Las Vegas Police ਤੇ ਸੇਵਾ ਮੁਕਤ ਹੋ ਚੁੱਕੇ ਦੋ ਖੁਫੀਆ ਅਧਿਕਾਰੀਆਂ ਨੇ ਆਪਣੀ ਜਾਂਚ ਦੌਰਾਨ ਮਨਘੜਤ ਸਬੂਤ ਜੁਟਾਏ ਤੇ ਜਾਣਬੁਝ ਕੇ ਲੋਬਾਟੋ ਨੂੰ ਫਸਾਇਆ। ਜਦੋਂ ਯੂ ਐਸ ਡਿਸਟ੍ਰਿਕਟ ਕੋਰਟ ਲਾਸ ਵੇਗਾਸ ਨੇ ਮੁਆਵਜ਼ੇ ਦਾ ਆਦੇਸ਼ ਦਿੱਤਾ ਤਾਂ ਕ੍ਰਿਸਟਿਨ ਲੋਬਾਟੋ ਜੋ ਹੁਣ 41 ਸਾਲਾਂ ਦੀ ਹੋ ਚੁੱਕੀ ਹੈ, ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ।
ਉਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਪਹਾੜ ਜਿੱਡੀ ਲੜਾਈ ਸੀ, ਮੈਨੂੰ ਨਿਆਂ ਲੈਣ ਲਈ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮੈ ਖੁਸ਼ ਹਾਂ ਕਿ ਅੰਤ ਨੂੰ ਮੇਰੀਆਂ ਸਾਰੀਆਂ ਮੁਸ਼ਕਿਲਾਂ ਖਤਮ ਹੋ ਗਈਆਂ ਹਨ ਤੇ ਮੈਨੂੰ ਨਿਆਂ ਮਿਲਿਆ ਹੈ। ਖੁਫੀਆ ਅਧਿਕਾਰੀਆਂ ਥਾਮਸ ਥੋਸੇਨ ਤੇ ਜੇਮਸ ਲਾਰਚੇਲੇ ਤੇ ਉਨਾਂ ਦੇ ਵਕੀਲ ਕਰੈਗ ਐਂਡਰਸਨ ਨੇ ਅਦਾਲਤ ਦੇ ਬਾਹਰ ਜਿਊਰੀ ਦੇ ਨਿਰਨੇ ‘ਤੇ ਕੋਈ ਟਿਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਐਂਡਰਸਨ ਨੇ ਕਿਹਾ ਕਿ ਉਹ ਫੈਸਲੇ ਵਿਰੁੱਧ ਅਪੀਲ ਕਰ ਸਕਦੇ ਹਨ।