ਯੈੱਸ ਪੰਜਾਬ
ਜਲੰਧਰ, 9 ਅਕਤੂਬਰ, 2024
ਸਟ੍ਰੀਟ ਕ੍ਰਾਈਮ ਨੂੰ ਠੱਲ੍ਹ ਪਾਉਣ ’ਤੇ ਕੇਂਦਰਿਤ ਯਤਨਾਂ ਤਹਿਤ ਜਲੰਧਰ ਦਿਹਾਤੀ ਪੁਲਿਸ ਵੱਲੋਂ ਅੱਜ ਜ਼ਿਲ੍ਹਾ ਪੱਧਰੀ ਕਾਰਡਨ ਐਂਡ ਸਰਚ ਆਪ੍ਰੇਸ਼ਨ (31SO) ਚਲਾਇਆ ਗਿਆ, ਜਿਸ ਦੌਰਾਨ ਗੈਰ-ਕਾਨੂੰਨੀ ਨਸ਼ਿਆਂ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵੱਡੀ ਬਰਾਮਦਗੀ ਹੋਈ। ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਚੱਕ ਚਲਾਏ ਗਏ ਇਸ ਅਭਿਆਨ ਦੀ ਅਗਵਾਈ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਪੀਏਪੀ, ਐੱਮ.ਐੱਫ. ਫਾਰੂਕੀ ਨੇ ਕੀਤੀ, ਜਿਨ੍ਹਾਂ ਨਾਲ ਜਲੰਧਰ ਦਿਹਾਤੀ ਪੁਲਿਸ ਦੇ ਐਸ.ਐਸ.ਪੀ. ਹਰਕਮਲ ਪ੍ਰੀਤ ਸਿੰਘ ਖੱਖ ਵੀ ਮੌਜੂਦ ਸਨ।
ਇਸ ਆਪ੍ਰੇਸ਼ਨ ਦੀ ਵਿਉਂਤਬੰਦੀ ਬੜੀ ਸਾਵਧਾਨੀ ਨਾਲ ਕੀਤੀ ਗਈ ਸੀ, ਜਿਸ ਵਿੱਚ ਡੀ.ਐਸ.ਪੀ.-ਰੈਂਕ ਦੇ ਅਧਿਕਾਰੀ ਹਰੇਕ ਥਾਣੇ ਵਿੱਚ ਗਤੀਵਿਧੀਆਂ ਦੀ ਨਿਗਰਾਨੀ ਕਰ ਰਹੇ ਸਨ ਜਦਕਿ ਚਾਰ ਸੁਪਰਡੈਂਟ ਆਫ਼ ਪੁਲਿਸ (ਐਸ.ਪੀਜ਼) ਨੇ ਵੱਖ-ਵੱਖ ਸਬ-ਡਵੀਜ਼ਨਾਂ ਦਾ ਪ੍ਰਬੰਧਨ ਕੀਤਾ। ਉੱਚ-ਜੋਖਮ ਵਾਲੇ ਖੇਤਰਾਂ ਵਿੱਚ ਤੁਰੰਤ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਕੁੱਲ 26 ਪੇਂਡੂ ਰੈਪਿਡ ਰਿਸਪਾਂਸ ਵਾਹਨ ਤਾਇਨਾਤ ਕੀਤੇ ਗਏ ਸਨ।
ਏ.ਡੀ.ਜੀ.ਪੀ. ਫਾਰੂਕੀ ਨੇ ਅਪਰਾਧਿਕ ਗਤੀਵਿਧੀਆਂ ਨੂੰ ਘਟਾਉਣ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਆਪ੍ਰੇਸ਼ਨਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਇਸ ਆਪ੍ਰੇਸ਼ਨ ਦੀ ਅਗਵਾਈ ਕਰਨ ਵਾਲੇ ਐਸ.ਐਸ.ਪੀ. ਹਰਕਮਲ ਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਉਨ੍ਹਾਂ ਦਾ ਧਿਆਨ ਅਪਰਾਧਿਕ ਗਤੀਵਿਧੀਆਂ ਲਈ ਜਾਣੇ ਜਾਂਦੇ ਖੇਤਰਾਂ ‘ਤੇ ਸੀ ਅਤੇ ਆਪ੍ਰੇਸ਼ਨ ਦੌਰਾਨ ਹੋਈ ਮਹੱਤਵਪੂਰਣ ਬਰਾਮਦਗੀ ਜਲੰਧਰ ਦਿਹਾਤੀ ਪੁਲਿਸ ਦੀ ਜ਼ਿਲ੍ਹੇ ਨੂੰ ਸੁਰੱਖਿਅਤ ਰੱਖਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਕਾਸੋ ਦੇ ਨਤੀਜੇ ਵਜੋਂ 22 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਅਤੇ 28 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਟੀਮਾਂ ਨੇ ਕਈ ਥਾਵਾਂ ‘ਤੇ ਤਲਾਸ਼ੀ ਲਈ, ਜਿਸ ਦੌਰਾਨ 28 ਗ੍ਰਾਮ ਹੈਰੋਇਨ, 665 ਨਸ਼ੀਲੀਆਂ ਗੋਲੀਆਂ, 784,000 ਮਿਲੀਲੀਟਰ ਨਾਜਾਇਜ਼ ਸ਼ਰਾਬ, 200 ਕਿਲੋ ਲਾਹਣ ਅਤੇ ਦੋ ਵਰਕਿੰਗ ਸਟਿਲ ਬਰਾਮਦ ਹੋਏ। ਇਸ ਕਾਰਵਾਈ ਦੌਰਾਨ 6 ਮੋਬਾਈਲ ਫ਼ੋਨ ਅਤੇ ਚੋਰੀ ਦੇ 2 ਮੋਟਰਸਾਈਕਲ ਵੀ ਜ਼ਬਤ ਕੀਤੇ ਗਏ ਹਨ।
ਇਸ ਤੋਂ ਇਲਾਵਾ ਧਾਰਾ 129 ਬੀਐਨਐਸਐਸ (110 ਸੀਆਰਪੀਸੀ) ਤਹਿਤ 28 ਵਿਅਕਤੀਆਂ ਵਿਰੁੱਧ ਰੋਕਥਾਮ ਉਪਾਅ ਕੀਤੇ ਗਏ। ਪੁਲਿਸ ਨੇ 13 ਡੋਜ਼ੀਅਰ ਵੀ ਤਿਆਰ ਕੀਤੇ, 13 ਹਿਸਟਰੀ ਸ਼ੀਟਾਂ ਖੋਲ੍ਹੀਆਂ, 237 ਟ੍ਰੈਫਿਕ ਚਲਾਨ ਜਾਰੀ ਕੀਤੇ ਅਤੇ 43 ਵਾਹਨ ਜ਼ਬਤ ਕੀਤੇ।
ਇਸ ਆਪ੍ਰੇਸ਼ਨ ਨੇ ਜ਼ਿਲ੍ਹੇ ਭਰ ਵਿੱਚ ਅਪਰਾਧਿਕ ਗਤੀਵਿਧੀਆਂ ਵਿੱਚ ’ਤੇ ਰੋਕ ਲਾਈ ਹੈ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਪੁਲਿਸ ਦੀ ਮੌਜੂਦਗੀ ਨੂੰ ਮਜ਼ਬੂਤ ਕੀਤਾ ਹੈ।
ਐਸ.ਐਸ.ਪੀ. ਖੱਖ ਨੇ ਕਿਹਾ ਕਿ ਜਲੰਧਰ ਦਿਹਾਤੀ ਪੁਲਿਸ ਅਮਨ-ਕਾਨੂੰਨ ਨੂੰ ਬਣਾਈ ਰੱਖਣ ਲਈ ਵਚਨਬੱਧ ਹੈ ਅਤੇ ਨਾਗਰਿਕਾਂ ਨੂੰ ਅਪੀਲ ਕਰਦੀ ਹੈ ਕਿ ਉਹ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਪੁਲਿਸ ਨੂੰ ਦੇਣ।