ਯੈੱਸ ਪੰਜਾਬ
ਜਲੰਧਰ, 22 ਨਵੰਬਰ, 2024
ਪ੍ਰਧਾਨ ਮੰਤਰੀ ਸ੍ਰੀ Narendra Modi ਦੇ ਅਤੀ ਨਜਦੀਕੀ Gautam Adani ਵਿਰੁੱਧ ਅਮਰੀਕਾ ਦੀ ਅਦਾਲਤ ਵਿੱਚ ਦਰਜ ਮੁਕੱਦਮਾ ਕੇਵਲ ਅਮਰੀਕਾ ਦਾ ਹੀ ਨਹੀਂ, ਉਸਦਾ ਭਾਰਤ ਨਾਲ ਸਬੰਧ ਹੈ।
ਇਸ ਲਈ ਇਸ ਮਾਮਲੇ ਦੀ ਭਾਰਤ ਦੀ ਸਰਵਉੱਚ ਅਦਾਲਤ ਦੇ ਜੱਜਾਂ ਦੇ ਪੈਨਲ ਵੱਲੋਂ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਇਹ ਮੰਗ ਕਰਦਿਆਂ CPI (M) ਪੰਜਾਬ ਦੇ ਸਕੱਤਰ Sukhwinder Singh Sekhon ਨੇ ਕਿਹਾ ਕਿ ਕੇਂਦਰ ’ਚ ਭਾਜਪਾ ਦੀ ਸਰਕਾਰ ਸਥਾਪਤ ਤੋਂ ਬਾਅਦ ਲਗਤਾਰ ਸੀ ਪੀ ਐੱਮ ਵੱਲੋਂ ਸ੍ਰੀ ਮੋਦੀ ਤੇ ਅੰਡਾਨੀ ਪਰਿਵਾਰ ਦੀ ਮਿਲੀਭੁਗਤ ਬਾਰੇ ਲੋਕਾਂ ਨੂੰ ਚੇਤੰਨ ਕੀਤਾ ਜਾਂਦਾ ਰਿਹਾ ਹੈ, ਪਰ ਹੁਣ ਬਿੱਲੀ ਥੈਲਿਉਂ ਬਾਹਰ ਆ ਗਈ ਹੈ।
ਇੱਥੇ ਇਹ ਵਰਨਣ ਕਰਨਾ ਜਰੂਰੀ ਹੈ ਕਿ ਗੌਤਮ ਅੰਡਾਨੀ, ਉਸਦੇ ਭਤੀਜੇ ਸਾਗਰ ਅੰਡਾਨੀ ਸਮੇਤ ਅੱਠ ਵਿਅਕਤੀਆਂ ਉੱਪਰ ਨਿਊਯਾਰਕ ਦੀ ਫੈਡਰਲ ਅਦਾਲਤ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ। ਉਹਨਾਂ ਉੱਪਰ ਕਥਿਤ ਦੋਸ਼ ਹੈ ਕਿ ਉਹਨਾਂ ਦੀ ਅੰਡਾਨੀ ਗ੍ਰੀਨ ਐਨਰਜੀ ਲਿਮਟਿਡ ਅਤੇ ਇੱਕ ਹੋਰ ਕੰਪਨੀ ਲਈ ਸੋਲਰ ਐਨਰਜੀ ਦਾ ਠੇਕਾ ਹਾਸਲ ਕਰਨ ਲਈ 2200 ਕਰੋੜ ਭਾਰਤੀ ਕਰੰਸੀ ਰਿਸ਼ਵਤ ਵਜੋਂ ਦੇਣ ਦਾ ਯਤਨ ਕੀਤਾ ਗਿਆ ਹੈ।
ਕਾ.ਸੇਖੋਂ ਨੇ ਕਿਹਾ ਕਿ ਇਸ ਰਿਸ਼ਵਤ ਕੇਸ ਦਰਜ ਹੋਣ ਨਾਲ ਇਹ ਸਪਸ਼ਟ ਹੋ ਗਿਆ ਹੈ ਕਿ ਕਿਵੇਂ ਭਾਰਤ ਦਾ ਧਨ ਵਿਦੇਸ਼ਾਂ ਨੂੰ ਲੁਟਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵਿੱਚ ਭਾਜਪਾ ਦੀ ਸਰਕਾਰ ਸਥਾਪਤ ਹੋਣ ਤੋਂ ਬਾਅਦ ਅੰਡਾਨੀਆਂ ਅੰਬਾਨੀਆਂ ਦੀ ਜਾਇਦਾਦ ਵਿੱਚ ਅਰਬਾਂ ਖਰਬਾਂ ਰੁਪਏ ਦਾ ਵਾਧਾ ਹੋਇਆ ਹੈ।
ਇਸ ਤੋਂ ਪਹਿਲਾਂ ਵੀ ਮਾਲੀਆ ਵਰਗੇ ਧਨਕੁਬੇਰਾਂ ਨੇ ਦੇਸ਼ ਦਾ ਧਨ ਵਿਦੇਸ਼ਾਂ ਵਿੱਚ ਭੇਜ ਕੇ ਭਾਰਤ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਇਹਨਾਂ ਕਾਰਪੋਰੇਟ ਘਰਾਣਿਆਂ ਤੇ ਸ੍ਰੀ ਮੋਦੀ ਦੀ ਸਾਂਝ ਭਿਆਲੀ ਬਾਰੇ ਸੀ ਪੀ ਆਈ ਐੱਮ ਲੰਬੇ ਸਮੇਂ ਤੋਂ ਲੋਕਾਂ ਨੂੰ ਚੇਤੰਨ ਤੇ ਜਾਗਰੂਕ ਕਰਦੀ ਆ ਰਹੀ ਹੈ। ਹੁਣ ਅੰਡਾਨੀ ਤੇ ਦਰਜ ਮੁਕੱਦਮੇ ਨੇ ਇਸ ਅਤੀ ਸੰਵੇਦਨਸ਼ੀਲ ਮੁੱਦੇ ਤੇ ਇੱਕ ਹੋਰ ਮੋਹਰ ਲਾ ਦਿੱਤੀ ਹੈ।
ਕਾ.ਸੇਖੋਂ ਨੇ ਕਿਹਾ ਕਿ ਇਹ ਮਾਮਲਾ ਕੇਵਲ ਅਮਰੀਕਾ ਦਾ ਨਹੀਂ, ਰਿਸ਼ਵਤ ਖੋਰੀ ਤੇ ਭਾਰਤੀ ਕਰੰਸੀ ਦੀ ਦੁਰਵਰਤੋਂ ਦਾ ਹੈ। ਇਸ ਲਈ ਇਸ ਮਾਮਲੇ ਸਬੰਧੀ ਭਾਰਤ ਦੀ ਸੁਪਰੀਮ ਕੋਰਟ ਦੇ ਜੱਜ ਸਾਹਿਬਾਨਾਂ ਵੱਲੋਂ ਪੜਤਾਲ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਦੇਸ਼ ਦੀ ਮਾਨਯੋਗ ਰਾਸਟਰਪਤੀ ਸ੍ਰੀਮਤੀ ਦਰੋਪਤੀ ਮੁਰਮੂ ਤੋਂ ਮੰਗ ਕੀਤੀ ਕਿ ਇਸ ਮਾਮਲੇ ਸਬੰਧੀ ਸਥਿਤੀ ਸਪਸ਼ਟ ਕਰਨ ਲਈ ਸਰਵਉੱਚ ਅਦਾਲਤ ਤੋਂ ਜਾਂਚ ਕਰਵਾਉਣ ਲਈ ਯਤਨ ਕਰਨ।