ਸਾਹਿਬਜ਼ਾਦਾ ਅਜੀਤ ਸਿੰਘ ਨਗਰ
18 ਅਕਤੂਬਰ, 2024
ਮੋਹਾਲੀ ਵਿਖੇ ਅੱਜ ਸ਼ੁਰੂ ਆਜੀਵਿਕਾ ਸਰਸ ਮੇਲੇ ਵਿੱਚ ਪਹਿਲੀ ਸੰਗੀਤਕ ਦੌਰਾਨ ਸ਼ਾਮ ਰਣਜੀਤ ਬਾਵਾ ਨੇ ਆਪਣੇ ਚਰਚਿਤ ਗੀਤਾਂ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਦਰਸ਼ਕਾਂ ਦੇ ਠਾਠਾਂ ਮਾਰਦੇ ਇਕੱਠ ਤੋਂ ਪ੍ਰਭਾਵਿਤ ਹੁੰਦਿਆਂ ਗਾਇਕ ਰਣਜੀਤ ਬਾਵਾ ਨੇ ਖੁੱਲ੍ਹਦਿਲੀ ਨਾਲ ਗਾਇਆ ਅਤੇ ਲੋਕਾਂ ਦੀ ਫਰਮਾਇਸ਼ ਨੂੰ ਕਬੂਲ ਕਰਦਿਆਂ ਸ਼ਾਨਦਾਰ ਪੇਸ਼ਕਾਰੀ ਕੀਤੀ।
ਸਟਾਰ ਨਾਈਟ ਦੌਰਾਨ ਪੰਜਾਬ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਭਗਵੰਤ ਮਾਨ ਸਰਕਾਰ ਪੰਜਾਬ ਨੂੰ ਹਮੇਸ਼ਾਂ ਖੁਸ਼ੀਆਂ ਤੇ ਖੇੜਿਆਂ ਚ ਰੱਖਣ ਲਈ ਵਚਨਬੱਧ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਉਦਮ ਦੀ ਸ਼ਲਾਘਾ ਕੀਤੀ ਅਤੇ ਦੇਸ਼ ਦੀਆਂ ਵਿਰਾਸਤੀ ਕਲਾਵਾਂ ਅਤੇ ਸਭਿਆਚਾਰਕ ਤੰਦਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਸਰਸ ਮੇਲੇ ਨੂੰ ਇੱਕ ਸਾਰਥਕ ਕਦਮ ਦੱਸਿਆ।
ਇਸ ਮੌਕੇ ਏ.ਡੀ.ਸੀ.(ਜਨਰਲ) ਵਿਰਾਜ ਐਸ.ਤਿੜਕੇ, ਏ.ਡੀ.ਸੀ.(ਵਿਕਾਸ) ਅਤੇ ਨੋਡਲ ਅਫਸਰ ਸਰਸ ਮੇਲਾ ਸੋਨਮ ਚੌਧਰੀ, ਸੰਯੁਕਤ ਕਮਿਸ਼ਨਰ ਨਗਰ ਨਿਗਮ ਦੀਪਾਂਕਰ ਗਰਗ, ਐਸ.ਡੀ.ਐਮ ਖਰੜ ਗੁਰਮਿੰਦਰ ਸਿੰਘ ਅਤੇ ਡੀ.ਡੀ.ਪੀ.ਓ ਬਲਜਿੰਦਰ ਸਿੰਘ ਗਰੇਵਾਲ ਹਾਜ਼ਰ ਸਨ। ਸਟਾਰ ਨਾਈਟ ਦੌਰਾਨ ਗਾਇਕ ਰਣਜੀਤ ਬਾਵਾ ਨੇ ਚਿੱਠੀਏ, ਵਗਦੀ ਰਵੀ, ਤੇਰੇ ਦਿਲ ਤੇ ਆਲ੍ਹਣਾ ਪਾਉਣਾ, ਤਾਰੀਫ਼ਾ, ਮਿੱਟੀ ਦਾ ਬਾਵਾ, ਯਾਰੀ ਚੰਡੀਗੜ੍ਹ ਵਾਲੀਏ ਤੇ ਹੈਵੀ ਵੇਟ ਭੰਗੜਾ ਆਦਿ ਚਰਚਿਤ ਗੀਤਾਂ ਨਾਲ ਲਗਭਗ ਦੋ ਘੰਟੇ ਚੰਗਾ ਰੰਗ ਬੰਨ੍ਹਿਆ।
ਖ਼ੇਤਰੀ ਸਰਸ ਮੇਲੇ ਦੀ ਪਹਿਲੀ ਰਾਤ ਲੋਕਾਂ ਨੇ ਖੂਬ ਅਨੰਦ ਮਾਣਿਆ ਅਤੇ ਵੱਖ ਵੱਖ ਰਾਜਾਂ ਦੇ ਸ਼ਿਲਪਕਾਰਾਂ ਵੱਲੋ ਤਿਆਰ ਕੀਤੇ ਸਮਾਨ ਦੀ ਖਰੀਦਦਾਰੀ ਕੀਤੀ।
ਸਰਸ ਮੇਲੇ ਦੀਆਂ ਸੰਗੀਤਕ ਸ਼ਾਮਾਂ ਦੌਰਾਨ 19 ਅਕਤੂਬਰ ਨੂੰ ਸ਼ਿਵਜੋਤ, 20 ਅਕਤੂਬਰ ਨੂੰ ਫੈਸ਼ਨ ਸ਼ੋਅ ਤੋਂ ਇਲਾਵਾ ਪੰਜਾਬੀ ਸਿੰਗਰ ਪਰੀ ਪੰਧੇਰ, ਬਸੰਤ ਕੁਰ, ਸਵਿਤਾਜ ਬਰਾੜ, 21 ਅਕਤੂਬਰ ਜਸਪ੍ਰੀਤ ਸਿੰਘ ਤੇ ਆਸ਼ੀਸ਼ ਸੋਲੰਕੀ ਵੱਲੋਂ ਕਾਮੇਡੀ ਨਾਈਟ, 22 ਅਕਤੂਬਰ ਨੂੰ ਲਖਵਿੰਦਰ ਵਡਾਲੀ, 23 ਅਕਤੂਬਰ ਨੂੰ ਭੰਗੜਾ ਤੇ ਗਿੱਧਾ (ਯੂਨੀਵਰਸਿਟੀ ਟੀਮਾਂ ਵੱਲੋਂ), 24 ਨੂੰ ਪੰਜਾਬੀ ਗਾਇਕ ਜੋਬਨ ਸੰਧੂ, 25 ਅਕਤੂਬਰ ਨੂੰ ਵੱਖੋ ਵੱਖਰੇ ਕਲਾਕਾਰ, 26 ਅਕਤੂਬਰ ਨੂੰ ਕੁਲਵਿੰਦਰ ਬਿੱਲਾ ਅਤੇ ਮੇਲੇ ਦੀ ਆਖਰੀ ਰਾਤ 27 ਅਕਤੂਬਰ ਨੂੰ ਗਿੱਪੀ ਗਰੇਵਾਲ ਆਪਣੇ ਫ਼ਨ ਦਾ ਮੁਜਾਹਰਾ ਕਰਨਗੇ।