ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਅਕਤੂਬਰ 11, 2024:
ਅਮਰੀਕਾ ਵਿਚ ਦੱਖਣੀ ਕੈਲੀਫੋਰਨੀਆ ਦੇ ਕੈਟਾਲੀਨਾ ਟਾਪੂ ਤੋਂ ਉਡਾਣ ਭਰਨ ਉਪਰੰਤ ਇਕ ਛੋਟਾ ਜਹਾਜ਼ ਤਬਾਹ ਹੋ ਕੇ ਜਮੀਨ ‘ਤੇ ਡਿੱਗ ਜਾਣ ਦੀ ਖਬਰ ਹੈ ਜਿਸ ਦੇ ਸਿੱਟੇ ਵਜੋਂ ਪਾਇਲਟ ਸਮੇਤ ਜਹਾਜ਼ ਵਿਚ ਸਵਾਰ ਸਾਰੇ 5 ਵਿਅਕਤੀਆਂ ਦੀ ਮੌਤ ਹੋ ਗਈ।
ਇਹ ਜਾਣਕਾਰੀ ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਦੋ ਇੰਜਣਾਂ ਵਾਲਾ ਟਰਬੋਪ੍ਰਾਪ ਜਹਾਜ਼ ਟਾਪੂ ਦੇ ਨਿੱਜੀ ਹਵਾਈ ਅੱਡੇ ਨੇੜੇ ਸਥਾਨਕ ਸਮੇ ਅਨੁਸਾਰ ਸ਼ਾਮ ਦੇ 8 ਵਜੇ ਦੇ ਆਸ ਪਾਸ ਹਾਦਸਾਗ੍ਰਸਤ ਹੋ ਕੇ ਹੇਠਾਂ ਡਿੱਗ ਗਿਆ।
ਜਹਾਜ਼ ਅਗਿਆਤ ਹਾਲਾਤ ਵਿਚ ਹਾਦਸਾਗ੍ਰਸਤ ਹੋਇਆ ਤੇ ਜਾਂਚ ਉਪਰੰਤ ਹੀ ਪਤਾ ਲੱਗੇਗਾ ਕਿ ਕਿਸ ਕਾਰਨ ਜਹਾਜ਼ ਹਾਦਸਾਗ੍ਰਸਤ ਹੋਇਆ। ਕੈਟਾਲੀਨਾ ਟਾਪੂ ਕੈਲੀਫੋਰਨੀਆ ਦੇ ਚੈਨਲ ਟਾਪੂਆਂ ਵਿਚੋਂ ਇਕ ਹੈ ਤੇ ਇਹ ਟਾਪੂ ਲਾਸ ਏਂਜਲਸ ਦੇ ਦੱਖਣ ਪੱਛਮ ਵਿਚ ਤਕਰੀਬਨ 20 ਮੀਲ ਦੂਰ ਸਥਿੱਤ ਹੈ।
ਵੈਬਸਾਈਟ ਫਲਾਈਟ ਅਵੇਅਰ ਅਨੁਸਾਰ ਜਹਾਜ਼ ਨੇ ਸਾਂਤਾ ਮੋਨੀਕਾ ਹਵਾਈ ਅੱਡੇ ਤੋਂ ਸ਼ਾਮ 5.57 ਵਜੇ ਉਡਾਣ ਭਰੀ ਸੀ ਤੇ ਕੈਟਾਲੀਨਾ ਹਵਾਈ ਅੱਡੇ ‘ਤੇ ਉਤਰਿਆ ਸੀ। ਇਥੋਂ ਉਡਾਣ ਭਰਨ ਉਪਰੰਤ ਤਕਰੀਬਨ ਇਕ ਮੀਲ ਦੂਰ ਜਾ ਕੇ ਤਬਾਹ ਹੋ ਗਿਆ।
ਲਾਸ ਏਂਜਲਸ ਕਾਊਂਟੀ ਦੇ ਅੱਗ ਬੁਝਾਊ ਵਿਭਾਗ ਅਨੁਸਾਰ ਸੂਚਨਾ ਮਿਲਣ ‘ਤੇ ਰਾਹਤ ਤੇ ਬਚਾਅ ਟੀਮ 8.30 ਵਜੇ ਦੇ ਆਸ ਪਾਸ ਮੌਕੇ ‘ਤੇ ਪੁੱਜੀ। ਮ੍ਰਿਤਕਾਂ ਦੀ ਪਛਾਣ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਘਟਨਾ ਦੀ ਜਾਂਚ ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਕਰੇਗਾ।