ਯੈੱਸ ਪੰਜਾਬ
ਜਲੰਧਰ, 10 ਅਕਤੂਬਰ, 2024
ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬਾਅਦ ਦੁਪਿਹਰ ਕਾਲਾ ਸੰਘਿਆ ਡਰੇਨ ਦਾ ਦੌਰਾ ਕੀਤਾ। ਡਰੇਨ ਨੂੰ ਪੱਕਾ ਕਰਨ ਦਾ ਕੰਮ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ। ਡਰੇਨ ਵਿੱਚ ਗੰਦੇ ਪਾਣੀ ਪੈਣ ਤੋਂ ਰੋਕਣ ਦੀ ਮੁਹਿੰਮ ਸੰਤ ਸੀਚੇਵਾਲ ਦੀ ਅਗਵਾਈ ਹੇਠ ਭਾਵੇਂ ਕਿ ਫਰਵਰੀ 2008 ਤੋਂ ਚੱਲੀ ਸੀ। ਪਰ ਹੁਣ ਇਸ ਡਰੇਨ ਨੂੰ ਪੱਥਰ ਲਾ ਕੇ ਪੱਕਿਆਂ ਕਰਨ ਨਾਲ ਇਹ ਆਸ ਬੱਝੀ ਸੀ ਕਿ ਇਸ ਵਿੱਚ ਮੁੜ ਗੰਦੇ ਪਾਣੀ ਨਹੀ ਪੈਣਗੇ।
ਸੰਤ ਸੀਚੇਵਾਲ ਨੇ ਦੱਸਿਆ ਕਿ ਉਸ ਵੇਲੇ ਨਿਰਾਸ਼ਾ ਹੋਈ ਜਦੋਂ ਟਰੀਟਮੈਂਟ ਪਲਾਂਟ ਨੂੰ ਜਾਂਦੇ ਸੀਵਰ ਦੀਆਂ ਹੋਦੀਆਂ ਜਾਣ ਕੇ ਤੋੜੀਆਂ ਗਈਆਂ ਸਨ ਤੇ ਸੀਵਰੇਜ਼ ਦਾ ਗੰਦਾ ਪਾਣੀ ਡਰੇਨ ਵਿੱਚ ਲਗਾਤਾਰ ਪੈ ਰਿਹਾ ਹੈ। ਸੰਤ ਸੀਚੇਵਾਲ ਨੇ ਨਗਰ ਨਿਗਮ ਦੇ ਕਮਿਸ਼ਨਰ, ਡਰੇਨੇਜ਼ ਵਿਭਾਗ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਹੋਰ ਸੰਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਕਿ ਕਿਵੇਂ ਅਫਸਰਾਂ ਦੀ ਲਾਪਰਵਾਹੀ ਸਰਕਾਰ ਦੀ ਬਦਨਾਮੀ ਦਾ ਕਾਰਣ ਬਣ ਰਹੀ ਹੈ।
ਜ਼ਿਕਰਯੋਗ ਹੈ ਕਿ ਕਾਲਾ ਸੰਘਿਆ ਡਰੇਨ ਜਿਹੜੀ ਕਿ ਬੁਲੰਦਪੁਰ ਪਿੰਡ ਤੋਂ ਸ਼ੁਰੂ ਹੁੰਦੀ ਹੈ ਸ਼ਹਿਰ ਵਿੱਚੋਂ ਹੁੰਦੀ ਹੋਈ। ਇਹ ਮਲਸੀਆਂ ਕਸਬੇ ਨੇੜੇ ਚਿੱਟੀ ਵੇਂਈ ਵਿੱਚ ਪੈ ਜਾਂਦੀ ਹੈ। ਜਲੰਧਰ ਸ਼ਹਿਰ ਵਿੱਚੋਂ 14 ਕਿਲੋਮੀਟਰ ਦੇ ਏਰੀਏ ਨੂੰ ਪੱਕਾ ਕਰਨ ਦਾ ਕੰਮ ਚੱਲ ਰਿਹਾ ਹੈ ਤੇ ਇਸ ਦਾ ਪ੍ਰੋਜੈਕਟ 30 ਕਰੋੜ ਦਾ ਦੱਸਿਆ ਜਾ ਰਿਹਾ ਹੈ।
ਸੰਤ ਸੀਚੇਵਾਲ ਨੇ ਕਿਹਾ ਕਿ ਸਰਕਾਰ ਦਾ 30 ਕਰੋੜ ਰੁਪੈ ਖਰਚ ਕਿ ਵੀ ਜੇਕਰ ਇਸ ਵਿੱਚ ਗੰਦੇ ਪਾਣੀ ਹੀ ਪਾਉਂਣੇ ਹਨ ਤਾਂ ਇਸਨੂੰ ਪੱਕੇ ਕਰਨ ਦਾ ਕੀ ਫਾਇਦਾ ਹੋਵਗਾ। ਜਦਕਿ ਡਰੇਨ ਨੂੰ ਪੱਕਾ ਕਰਨ ਨਾਲ ਜਿੱਥੇ ਇਸ ਵਿੱਚ ਗੰਦੇ ਪਾਣੀ ਪੈਣ ਤੋਂ ਰੋਕਿਆ ਜਾਣਾ ਹੈ ਉੱਥੇ ਹੀ ਇਸ ਵਿੱਚ 100 ਕਿਊਸਿਕ ਸਾਫ ਪਾਣੀ ਵੀ ਛੱਡਿਆ ਜਾਣਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਪ੍ਰਦੂਸ਼ਣ ਵਿਰੱੁਧ ਉਹ ਲੋਕਾਂ ਨੂੰ ਨਾਲ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਪਰ ਹੁਣ ਜਦੋਂ ਅਧਿਕਾਰੀਆਂ ਦੀ ਲਾਪਰਵਾਹੀ ਦੇਖਦੇ ਹਨ ਤਾਂ ਮਨ ਨੂੰ ਵੱਡੀ ਠੇਸ ਪਹੁੰਚਦੀ ਹੈ ਕਿ ਕਿਵੇਂ ਅਧਿਕਾਰੀ ਲੋਕਾਂ ਦੇ ਜੀਵਨ ਨਾਲ ਖਿਲਵਾੜ ਕਰ ਰਹੇ ਹਨ।
ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਹਨਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਲੋਕਾਂ ਦੀ ਮੰਗ ਸੀ ਕਿ ਡਰੇਨ ਦੇ ਆਰ ਪਾਰ ਜਾਣ ਲਈ ਛੋਟੇ ਛੋਟੇ ਪੱੁਲ ਬਣਾਏ ਜਾਣ ਤਾਂ ਜੋ ਲੋਕਾਂ ਨੂੰ ਇੱਧਰ ਉਧਰ ਜਾਣਾ ਸੌਖਾ ਹੋ ਜਾਵੇ। ਡਰੇਨ ਦੇ ਇੱਕ ਕਿਨਾਰੇ ਤੇ ਬਿਜਲੀ ਦੇ ਖੰਬੇ ਕੰਮ ਵਿੱਚ ਰੁਕਵਟ ਬਣ ਰਹੇ ਸਨ ਤਾਂ ਸੰਤ ਸੀਚੇਵਾਲ ਨੇ ਉਸੇ ਵੇਲੇ ਪਾਵਰ ਕਾਮ ਦੇ ਚੀਫ ਇੰਜੀਅਨਰ ਨਾਲ ਫੋਨ ਤੇ ਗੱਲਬਾਤ ਕਰਦਿਆ ਖੰਬਿਆਂ ਨੂੰ ਉੱਥੇ ਤੁਰੰਤ ਬਦਲਣ ਦੀ ਹਿਦਾਇਤਾਂ ਕੀਤੀਆਂ। ਸੰਤ ਸੀਚੇਵਾਲ ਨੇ ਕਿਹਾ ਕਿ ਉਹ ਇਸ ਸੰਬੰਧੀ ਸੀਨੀਅਰ ਅਧਿਕਾਰੀਆਂ ਨਾਲ ਜਲਦ ਗੱਲਬਾਤ ਕਰਨਗੇ ਤੇ ਇਸ ਮਸਲੇ ਦੇ ਹੱਲ ਕਰਵਾਉਣਗੇ।