ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਅਕਤੂਬਰ 10, 2024:
ਪਰਬੀ ਮੈਕਸੀਕੋ ਦੇ ਚਿਲਪੈਨਕਿੰਗੋ ਸ਼ਹਿਰ ਦੇ ਮੇਅਰ ਅਲੈਗਜੈਂਡਰ ਅਰਕੋਸ ਦੀ ਗਲਾ ਵੱਢ ਕੇ ਬਹੁਤ ਬੁਰੀ ਤਰਾਂ ਹੱਤਿਆ ਕਰ ਦੇਣ ਦੀ ਖਬਰ ਹੈ। ਮੇਅਰ ਨੇ 6 ਦਿਨ ਪਹਿਲਾਂ ਹੀ ਅਹੁੱਦਾ ਸੰਭਾਲਿਆ ਸੀ।
ਪੁਲਿਸ ਅਫਸਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੇਅਰ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ ਗਿਆ ਹੈ। ਚਿਲਪੈਨਕਿੰਗੋ ਸ਼ਹਿਰ ਮੈਕਸੀਕੋ ਸ਼ਹਿਰ ਦੇ ਦੱਖਣ ਵਿਚ ਤਕਰੀਬਨ 170 ਮੀਲ ਦੂਰ ਸਥਿੱਤ ਹੈ। ਮੈਕਸੀਕੋ ਦੇ ਪ੍ਰਧਾਨ ਕਲੌਡੀਆ ਸ਼ੀਨਬੌਮ ਨੇ ਕਿਹਾ ਹੈ ਕਿ ਅਰਕੋਸ ਦੀ ਮੌਤ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਗਵਰਨਰ ਆਈਲਿਨ ਸਲਗਾਡੋ ਪਿਨੇਡਾ ਨੇ ਕਿਹਾ ਹੈ ਕਿ ਕਾਤਲਾਂ ਨੂੰ ਛੇਤੀ ਹੀ ਕਟਹਿਰੇ ਵਿਚ ਖੜਾ ਕੀਤਾ ਜਾਵੇਗਾ। ਉਨਾਂ ਕਿਹਾ ਕਿ ਰਾਜ ਦੇ ਅਟਾਰਨੀ ਜਨਰਲ ਪਹਿਲਾਂ ਹੀ ਹੱਤਿਆ ਦੀ ਜਾਂਚ ਸ਼ੁਰੂ ਕਰ ਚੁੱਕੇ ਹਨ।
ਉਨਾਂ ਕਿਹਾ ਕਿ ਮੇਅਰ ਦੀ ਹੱਤਿਆ ਨਾਲ ਸਮੁੱਚੇ ਸਮਾਜ ਨੂੰ ਘਾਟਾ ਪਿਆ ਹੈ। ਮੈਕਸੀਕੋ ਦੇ ਸੁਰੱਖਿਆ ਮੰਤਰੀ ਨੇ ਕਿਹਾ ਹੈ ਕਿ ਹੱਤਿਆ ਤੋਂ ਪਹਿਲਾਂ ਮੇਅਰ ਇਕਲਾ ਹੀ ਸ਼ਹਿਰ ਤੋਂ ਬਾਹਰ ਕਿਸੇ ਮੀਟਿੰਗ ਲਈ ਗਿਆ ਸੀ।