ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਅਕਤੂਬਰ 10, 2024:
ਸੜਕ ਉਪਰ ਮਮੂਲੀ ਤਕਰਾਰ ਤੋਂ ਬਾਅਦ ਨਿਊਯਾਰਕ ਪੁਲਿਸ ਵਿਭਾਗ ਦੇ ਇਕ ਬਿਨਾਂ ਡਿਊਟੀ ਅਫਸਰ ਵੱਲੋਂ ਚਲਾਈ ਗੋਲੀ ਨਾਲ ਅਧਰੰਗ ਦਾ ਸ਼ਿਕਾਰ ਹੋਏ ਭਾਰਤੀ ਮੂਲ ਦੇ ਕਿਸ਼ਨ ਪਟੇਲ ਵੱਲੋਂ ਸਬੰਧਤ ਪੁਲਿਸ ਅਫਸਰ, ਸਿਟੀ ਆਫ ਨਿਊਯਾਰਕ, ਮੇਅਰ ਏਰਿਕ ਐਡਮਜ ਤੇ ਪੁਲਿਸ ਕਮਿਸ਼ਨਰ ਐਡਵਰਡ ਕਾਬਨ ਸਮੇਤ ਹੋਰ ਕਈ ਪ੍ਰਮੁੱਖ ਅਫਸਰਾਂ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ।
ਮੁਕੱਦਮੇ ਵਿਚ ਦਾਅਵਾ ਕੀਤਾ ਗਿਆ ਹੈ ਕਿ ਸਬੰਧਤ ਅਫਸਰ ਦੀ ਮਾਨਸਿਕ ਸਿਹਤ ਤੇ ਉਸ ਦੇ ਵਿਵਹਾਰ ਨਾਲ ਸਬੰਧਤ ਮੁੱਦਿਆਂ ਨੂੰ ਹੱਲ ਕਰਨ ਵਿਚ ਸਬੰਧਤ ਧਿਰਾਂ ਅਸਫਲ ਰਹੀਆਂ ਹਨ ਜਿਸ ਕਾਰਨ ਉਸ ਨਾਲ ਭਿਆਨਕ ਘਟਨਾ ਵਾਪਰੀ ਹੈ।
30 ਸਾਲਾ ਕਿਸ਼ਨ ਪਟੇਲ ਨੂੰ ਇਸ ਸਾਲ 17 ਮਈ ਨੂੰ ਗੋਲੀ ਮਾਰੀ ਗਈ ਸੀ। ਜਾਂਚਕਾਰਾਂ ਅਨੁਸਾਰ ਇਹ ਘਟਨਾ ਤਕਰਾਰ ਤੋਂ ਬਾਅਦ ਵੂਰਹੀਸ ਟਾਊਨਸ਼ਿੱਪ, ਨਿਊਜਰਸੀ ਦੀ ਸੜਕ ਉਪਰ ਵਾਪਰੀ ਸੀ। ਜਦੋਂ ਪੁਲਿਸ ਮੌਕੇ ਉਪਰ ਪੁੱਜੀ ਤਾਂ ਪਟੇਲ ਜਿਸ ਦੇ ਗੋਲੀ ਵੱਜੀ ਹੋਈ ਸੀ ਦੀ ਕਾਰ ਹੋਰ ਕਈ ਵਾਹਣਾਂ ਨਾਲ ਟਕਰਾਈ ਹੋਈ ਸੀ।
ਵੂਰਹੀਸ ਟਾਊਨਸ਼ਿੱਪ ਪੁਲਿਸ ਤੇ ਕੈਮਡਨ ਕਾਊਂਟੀ ਪ੍ਰਾਸੀਕਿਊਟਿਰ ਦੇ ਦਫਤਰ ਵੱਲੋਂ ਕੀਤੀ ਜਾਂਚ ਉਪਰੰਤ ਗੋਲੀ ਚਲਾਉਣ ਵਾਲੇ ਪੁਲਿਸ ਅਫਸਰ ਦੀ ਪਛਾਣ ਹੀਊ ਟਰਾਨ (27) ਵਜੋਂ ਕੀਤੀ ਗਈ ਸੀ।
ਜਾਂਚਕਾਰਾਂ ਅਨੁਸਾਰ ਟਰਾਨ ਨੇ ਗੋਲੀਬਾਰੀ ਲਈ ਆਪਣੇ ਵਿਭਾਗ ਦੁਆਰਾ ਜਾਰੀ ਹੱਥਿਆਰ ਦੀ ਵਰਤੋਂ ਕੀਤੀ ਸੀ। ਟਰਾਨ ਘਟਨਾ ਉਪਰੰਤ ਇਕ ਗੈਸ ਸਟੇਸ਼ਨ ‘ਤੇ ਗਿਆ ਤੇ ਉਥੋਂ ਗੈਸ ਭਰਾਉਣ ਉਪਰੰਤ ਵਾਪਿਸ ਨਿਊਯਾਰਕ ਆ ਗਿਆ।
ਅਗਲੇ ਦਿਨ ਉਹ ਆਪਣੀ ਡਿਊਟੀ ‘ਤੇ ਹਾਜਰ ਹੋ ਗਿਆ ਸੀ। ਮੁਕੱਦਮੇ ਵਿਚ ਦੋਸ਼ ਲਾਇਆ ਗਿਆ ਹੈ ਕਿ ਟਰਾਨ ਦੀ ਮਾਨਸਿਕ ਸਿਹਤ ਦੀ ਸਮੱਸਿਆ ਹੈ ਤੇ ਉਹ ਸ਼ਰਾਬ ਪੀਣ ਦਾ ਆਦੀ ਹੈ ਤੇ ਇਸ ਸਬੰਧੀ ਨਿਊਯਾਰਕ ਪੁਲਿਸ ਵਿਭਾਗ ਕੋਲ ਦਸਤਾਵੇਜੀ ਰਿਕਾਰਡ ਹੈ।
ਦਾਅਵਾ ਕੀਤਾ ਗਿਆ ਹੈ ਕਿ ਇਸ ਦੇ ਬਾਵਜੂਦ ਟਰਾਨ ਨੂੰ ਹਥਿਆਰ ਸਮੇਤ ਸਰਗਰਮ ਡਿਊਟੀ ਉਪਰ ਰਖਿਆ ਗਿਆ ਤੇ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਪਟੇਲ ਪਰਿਵਾਰ ਦੇ ਵਕੀਲਾਂ ਨੇ ਕਿਹਾ ਹੈ ਕਿ ਇਕ ਮਨੋਵਿਗਿਆਨੀ ਦੁਆਰਾ ਟਰਾਨ ਦੀ ਮਾਨਸਿਕ ਸਿਹਤ ਦੀ ਜਾਂਚ ਉਪਰੰਤ ਕੀਤੀਆਂ ਸਿਫਾਰਿਸ਼ਾਂ ਉਪਰ ਨਿਊਯਾਰਕ ਪੁਲਿਸ ਵਿਭਾਗ ਅਮਲ ਕਰਨ ਵਿੱਚ ਨਾਕਾਮ ਰਿਹਾ ਹੈ।
ਗੋਲੀਬਾਰੀ ਉਪਰੰਤ ਟਰਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਉਸ ਵਿਰੁੱਧ ਹੱਤਿਆ ਦੀ ਕੋਸ਼ਿਸ਼, ਹਮਲਾ ਕਰਨ ਤੇ ਆਪਣੇ ਕੋਲ ਗੈਰ ਕਾਨੂੰਨੀ ਹੱਥਿਆਰ ਰਖਣ ਦੇ ਦੋਸ਼ ਆਇਦ ਕੀਤੇ ਗਏ ਸਨ।
ਟਰਾਨ ਨੇ ਆਪਣੇ ਆਪ ਨੂੰ ਨਿਰਦੋਸ਼ ਦਸਿਆ ਹੈ। ਮੁਕੱਦਮੇ ਵਿਚ ਪਰਿਵਾਰ ਨੇ ਡਾਕਟਰੀ ਖਰਚ, ਜੀਵਨ ਭਰ ਲਈ ਪਟੇਲ ਦੀ ਦੇਖਭਾਲ ਕਰਨ ਤੇ ਪਰਿਵਾਰ ਨੂੰ ਪੁੱਜੇ ਦੁੱਖ ਤੇ ਹੋਏ ਨੁਕਸਾਨ ਦੀ ਭਰਪਾਈ ਲਈ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ।