ਯੈੱਸ ਪੰਜਾਬ
ਅੰਮ੍ਰਿਤਸਰ, 9 ਅਕਤੂਬਰ, 2024
ਭਾਰਤ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨਰ ਮਿਸ ਲਿੰਡੀ ਕੈਮਰਨ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਬਾਣੀ ਕੀਰਤਨ ਸਰਵਣ ਕੀਤਾ। ਉਹ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਵੀ ਗਏ, ਜਿਥੇ ਉਨ੍ਹਾਂ ਨੇ ਲੰਗਰ ਸੇਵਾ ਕੀਤੀ।
ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਜਿੰਦਰ ਸਿੰਘ ਮਹਿਤਾ ਨੇ ਉਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਤੇ ਪੁਸਤਕਾਂ ਦੇ ਕੇ ਸਨਮਾਨਤ ਕੀਤਾ।
ਬ੍ਰਿਟਿਸ਼ ਹਾਈ ਕਮਿਸ਼ਨਰ ਨੇ ਯਾਤਰੂ ਪੁਸਤਕ ਵਿੱਚ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੇ ਹੋਏ ਜ਼ਿਕਰ ਕੀਤਾ ਹੈ ਕਿ “ਸ੍ਰੀ ਹਰਿਮੰਦਰ ਸਾਹਿਬ ਸਿੱਖ ਧਰਮ ਦਾ ਕੇਂਦਰੀ ਅਸਥਾਨ ਹੈ ਜਿੱਥੇ ਅੱਜ ਲੱਖਾਂ ਸ਼ਰਧਾਲੂਆਂ ਵਿੱਚੋਂ ਇੱਕ ਉਨ੍ਹਾਂ ਨੂੰ ਵੀ ਨਤਮਸਤਕ ਹੋ ਕੇ ਚੰਗਾ ਮਹਿਸੂਸ ਹੋਇਆ। ਇਹ ਬੰਦਗੀ ਦਾ ਸ਼ਾਤਮਈ ਅਤੇ ਮਨਮੋਹਿਕ ਅਸਥਾਨ ਹੈ। ਉਨ੍ਹਾਂ ਸਨਮਾਨ ਲਈ ਪ੍ਰਬੰਧਕਾਂ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਜਸਵਿੰਦਰ ਸਿੰਘ ਜੱਸੀ, ਸੂਚਨਾ ਅਧਿਕਾਰੀ ਸ. ਅੰਮ੍ਰਿਤਪਾਲ ਸਿੰਘ ਤੇ ਸ. ਰਣਧੀਰ ਸਿੰਘ ਆਦਿ ਹਾਜ਼ਰ ਸਨ।