ਯੈੱਸ ਪੰਜਾਬ
ਜਲੰਧਰ, 9 ਅਕਤੂਬਰ, 2024
ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਅਤੇ ਡੀ.ਆਈ.ਜੀ. ਐੱਸ ਭੂਪਤੀ ਦੀ ਅਗਵਾਈ ਹੇਠ ਬੁੱਧਵਾਰ ਨੂੰ ਕਾਸੋ (31SO) ਆਪ੍ਰੇਸ਼ਨ ਰਾਹੀਂ ਸਟ੍ਰੀਟ ਕ੍ਰਾਈਮ ਅਤੇ ਨਸ਼ਿਆਂ ਵਿਰੁੱਧ ਸ਼ਿਕੰਜਾ ਕੱਸਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ 500 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਲਗਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਬੱਸ ਸਟੈਂਡ, ਸੰਵਦੇਸ਼ਨਸ਼ੀਲ ਸਥਾਨਾਂ (ਹਾਟਸਪਾਟਸ), ਧਾਰਮਿਕ ਸਥਾਨਾਂ ਆਦਿ ’ਤੇ ਬਾਰੀਕੀ ਨਾਲ ਚੈਕਿੰਗ ਕੀਤੀ ਗਈ, ਜਿਸ ਦੌਰਾਨ ਕਈ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਬਰਾਮਦਗੀ ਕੀਤੀ ਗਈ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਸ਼ਹਿਰ ਵਿੱਚੋਂ ਜੁਰਮ ਦਾ ਸਫਾਇਆ ਕਰਨ ਦੇ ਉਦੇਸ਼ ਨਾਲ ਇਹ ਅਭਿਆਨ ਚਲਾਇਆ ਗਿਆ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਆਪ੍ਰੇਸ਼ਨ ਦਾ ਉਦੇਸ਼ ਪੂਰੇ ਸ਼ਹਿਰ ਵਿੱਚ ਸਟ੍ਰੀਟ ਕ੍ਰਾਈਮ ਨੂੰ ਨੱਥ ਪਾਉਣਾ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਆਪ੍ਰੇਸ਼ਨ ਦੌਰਾਨ ਬੇਮਿਸਾਲ ਤਾਲਮੇਲ ਨੂੰ ਯਕੀਨੀ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਪੂਰੇ ਸ਼ਹਿਰ ਵਿੱਚ ਸਟ੍ਰੀਟ ਕ੍ਰਾਈਮ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਜਾਣੇ ਜਾਂਦੇ ਹਾਟਸਪਾਟਸ ਨੂੰ ਟਾਰਗੇਟ ਕਰਦਿਆਂ 500 ਤੋਂ ਵੱਧ ਪੁਲਿਸ ਕਰਮਚਾਰੀਆਂ ਨੂੰ ਇਸ ਆਪ੍ਰੇਸ਼ਨ ਵਿੱਚ ਤਾਇਨਾਤ ਕੀਤਾ ਗਿਆ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਵਿਆਪਕ ਅਪਰਾਧ ਮੈਪਿੰਗ ਰਾਹੀਂ ਬਦਨਾਮ ਅਪਰਾਧੀਆਂ ਅਤੇ ਡਰੱਗ ਡੀਲਰਾਂ ‘ਤੇ ਧਿਆਨ ਕੇਂਦਰਿਤ ਕਰਦੇ ਹੋਏ ਪੜਤਾਲ ਲਈ 25 ਪ੍ਰਮੁੱਖ ਸਥਾਨਾਂ ਦੀ ਪਛਾਣ ਕੀਤੀ ਗਈ ਸੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਕਈ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਬਰਾਮਦਗੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਆਪ੍ਰੇਸ਼ਨ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸਟ੍ਰੀਟ ਕ੍ਰਾਈਮ ਤੇ ਨਸ਼ਿਆਂ ਨਾਲ ਸਬੰਧਤ ਅਪਰਾਧਾਂ ਨਾਲ ਨਜਿੱਠਣ ਲਈ ਕਮਿਸ਼ਨਰੇਟ ਪੁਲਿਸ ਦੀ ਅਟੁੱਟ ਵਚਨਬੱਧਤਾ ਵਿੱਚ ਮਹੱਤਵਪੂਰਣ ਮੀਲ ਪੱਥਰ ਹੈ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹਿਰ ਵਿੱਚੋਂ ਜੁਰਮ ਦਾ ਸਫਾਇਆ ਕਰਨ ਲਈ ਵਚਨਬੱਧ ਹੈ ਅਤੇ ਇਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।