ਯੈੱਸ ਪੰਜਾਬ
ਰੂਪਨਗਰ, ਅਕਤੂਬਰ 9, 2024:
ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ਼੍ਰੀ ਗੌਰਵ ਯਾਦਵ ਦੀਆਂ ਹਦਾਇਤਾਂ ਤਹਿਤ ਹੁਣ ਤੱਕ ਚਲਾਏ ਗਏ 12 ਕਾਸੋ ਓਪਰੇਸ਼ਨ ਅਧੀਨ 33 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 29 ਮਾਮਲੇ ਦਰਜ ਕੀਤੇ ਗਏ ਹਨ।
ਇਸ ਸਬੰਧੀ ਮੀਡੀਆ ਨਾਲ ਹੋਰ ਜਾਣਕਾਰੀ ਸਾਂਝੀਂ ਕਰਦਿਆਂ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਨੇ ਸਦਾਬਰਤ ਵਿਖੇ ਚੱਲ ਰਹੇ ਕਾਸੋਂ ਓਪਰੇਸ਼ਨ ਮੌਕੇ ਦੱਸਿਆ ਕਿ ਰੂਪਨਗਰ ਪੁਲਿਸ ਵੱਲੋਂ ਨਸ਼ਿਆਂ ਦੇ ਗੈਰ-ਕਾਨੂੰਨੀ ਧੰਦੇ ਵਿੱਚ ਸ਼ਾਮਿਲ ਮੁਲਜ਼ਮਾਂ ਖਿਲਾਫ਼ 1 ਜਨਵਰੀ 2024 ਤੋਂ ਲੈ ਕੇ ਹੁਣ ਤੱਕ 126 ਮਾਮਲੇ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਕੀਤੇ ਗਏ ਹਨ ਅਤੇ 180 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਤੋਂ 80 ਗ੍ਰਾਮ ਹੈਰੋਇਨ, 1.9 ਕਿਲੋ ਅਫੀਮ, 23 ਕਿਲੋ ਭੁੱਕੀ, 941 ਗੋਲੀਆਂ/ ਕੈਪਸੂਲ, 229 ਟੀਕੇ, 2.5 ਕਿਲੋ ਨਸ਼ੀਲਾ ਪਾਊਡਰ, 68 ਕਿਲੋਗ੍ਰਾਮ ਗਾਂਜਾ, 1.4 ਕਿਲੋਗ੍ਰਾਮ ਚਰਸ ਅਤੇ 1,27,550 ਡਰੱਗ ਰਾਸ਼ੀ ਜ਼ਬਤ ਕੀਤੀ ਗਈ ਹੈ।
ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਰੂਪਨਗਰ ਪੁਲਿਸ ਵੱਲੋਂ ਕਿਸੇ ਵੀ ਤਰ੍ਹਾਂ ਦੇ ਨਸ਼ਿਆਂ ਵਿੱਚ ਸ਼ਾਮਿਲ ਲੋਕਾਂ ਨਾਲ ਸਖ਼ਤੀ ਕੀਤੀ ਜਾ ਰਹੀ ਹੈ ਅਤੇ ਹਰ ਪੱਧਰ ਦੇ ਵਿਅਕਤੀ, ਵਪਾਰਕ ਮਾਤਰਾ ਦੇ ਮਾਮਲੇ/ ਨਸ਼ਿਆਂ ਦੇ ਮਾਮਲੇ ਵਿੱਚ ਨਿਰੰਤਰ ਫੜੇ ਜਾਣ ਵਾਲੇ ਮੁਲਜ਼ਮਾਂ ਦੀ ਸ਼ਨਾਖ਼ਤ ਕਰਕੇ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਤੋਂ ਇਲਾਵਾ 68- ਐਫ, ਐਨ.ਡੀ.ਪੀ.ਐਸ. ਐਕਟ ਦੀਆਂ 3 ਤਜ਼ਵੀਜਾਂ ਜਿਸ ਵਿੱਚ ਮੁਲਜ਼ਮਾਂ ਦੀਆਂ ਜਾਇਦਾਦਾਂ ਅਟੈਚ ਕਰਨ ਲਈ ਨਵੀ ਦਿੱਲੀ ਨੂੰ ਭੇਜੀਆਂ ਗਈਆਂ ਸਨ, ਜਿਸ ਦੀ ਪ੍ਰਵਾਨਗੀ ਵੀ ਮਿਲ ਗਈ ਹੈ।
ਐੱਸਐੱਸਪੀ ਨੇ ਨਸ਼ਿਆਂ ਦੇ ਕਾਰੋਬਾਰ ਨੂੰ ਰਣਨੀਤੀ ਨਾਲ ਨਿਪਟਣ ਲਈ ਕੀਤੀ ਜਾ ਰਹੀ ਕਾਰਵਾਈ ਬਾਰੇ ਤੱਥ ਸਾਂਝੇ ਕਰਦਿਆਂ ਦੱਸਿਆ ਕਿ ਰੂਪਨਗਰ ਪੁਲਿਸ ਵੱਲੋਂ ਸੰਵੇਦਨਸ਼ੀਲ ਥਾਵਾਂ ਦੀ ਸਮੀਖਿਆ ਕਰਕੇ ਰਾਤ ਦੇ ਸਮੇਂ ਹਰ ਥਾਣੇ ਦੇ ਇਲਾਕੇ ਵਿੱਚ ਪੈਟਰੋਲਿੰਗ ਨੂੰ ਵਧਾਇਆ ਗਿਆ ਹੈ ਅਤੇ ਇਸ ਦੇ ਨਾਲ ਹੀ ਮਾਰਕੀਟ ਐਸੋਸੀਏਸ਼ਨਾਂ ਨੂੰ ਚੌਕੀਦਾਰ ਰੱਖਣ ਤੇ ਲੋੜ ਪੈਣ ਉੱਤੇ ਤੁਰੰਤ ਸੀਸੀਟੀਵੀ ਫੁਟੇਜ ਸਾਂਝੀ ਕਰਨ ਲਈ ਨਿਰੰਤਰ ਰਾਬਤਾ ਕਾਇਮ ਕੀਤਾ ਜਾਂਦਾ ਹੈ।
ਸੀਨੀਅਰ ਪੁਲੀਸ ਕਪਤਾਨ ਰੂਪਨਗਰ ਨੇ ਆਮ ਪਬਲਿਕ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਨਸ਼ੇ ਦੀ ਅਲਾਹਮਤ ਨੂੰ ਖਤਮ ਕਰਨ ਲਈ ਪੰਜਾਬ ਪੁਲਿਸ ਦਾ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਨਸ਼ਾ ਤਸਕਰਾਂ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਪੁਲਿਸ ਨੂੰ ਸੂਚਿਤ ਕਰਨ, ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।
ਇਸ ਮੌਕੇ ਕਪਤਾਨ ਪੁਲਿਸ ਰਾਜਪਾਲ ਸਿੰਘ ਹੁੰਦਲ, ਡੀਐੱਸਪੀ ਕਰਾਇਮ ਮਨਵੀਰ ਸਿੰਘ ਬਾਜਵਾ, ਡੀਐੱਸਪੀ ਸਦਰ ਥਾਣਾ ਰੂਪਨਗਰ ਰਾਜਪਾਲ ਸਿੰਘ, ਡੀਐੱਸਪੀ ਜਸ਼ਨਦੀਪ ਸਿੰਘ, ਐਸਐੱਚਓ ਪਵਨ ਚੌਧਰੀ, ਐਸਐੱਚਓ ਹਰਕੀਰਤ ਸਿੰਘ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।