Saturday, December 21, 2024
spot_img
spot_img
spot_img

ਗਿੱਦੜਬਾਹਾ ਹਲਕੇ ਦਾ ਮੁਹਾਂਦਰਾ ਬਦਲਣ ਲਈ ਲੋਕ ਬਾਦਲ ਪਰਿਵਾਰ ਨੂੰ ਇੱਕ ਮੌਕਾ ਦੇਣ: ਹਰਸਿਮਰਤ ਬਾਦਲ ਦੀ ਲੋਕਾਂ ਨੂੰ ਅਪੀਲ

ਯੈੱਸ ਪੰਜਾਬ
ਗਿੱਦੜਬਾਹਾ, 7 ਅਕਤੂਬਰ, 2024

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਗਿੱਦੜਬਾਹਾ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਿਧਾਨ ਸਭਾ ਹਲਕੇ ਦਾ ਮੁਹਾਂਦਰਾ ਬਦਲਣ ਲਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੂੰ ਇਕ ਮੌਕਾ ਦਿੱਤਾ ਜਾਵੇ।

ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਾਡਾ ਪਰਿਵਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵੇਲੇ ਹੋਏ ਵਿਕਾਸ ਦੇ ਯੁੱਗ ਨੂੰ ਵਾਪਸ ਲਿਆਉਣ ਲਈ ਦ੍ਰਿੜ੍ਹ ਸੰਕਲਪ ਹੈ।

ਸਰਦਾਰਨੀ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਆਉਂਦੀ ਜ਼ਿਮਨੀ ਚੋਣ ਲਈ ਪਾਰਟੀ ਦੀ ਮੁਹਿੰਮ ਦੀ ਅਗਵਾਈ ਕਰਨ ਦਾ ਮੌਕਾ ਮਿਲਿਆ ਹੈ। ਉਹਨਾਂ ਕਿਹਾ ਕਿ ਮੈਂ ਤੁਹਾਡੇ ਕੋਲ ਇਸ ਲਈ ਆਈ ਹਾਂ ਕਿਉਂਕਿ ਜਿਸ ਵਿਅਕਤੀ ਨੂੰ ਤੁਹਾਡੀ ਸੇਵਾ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਉਸਨੇ ਪਾਰਟੀ ਨੂੰ ਧੋਖਾ ਦਿੱਤਾ। ਇਸ ਸਦਕਾ ਮੈਨੂੰ ਮੌਕਾ ਮਿਲਿਆ ਕਿ ਮੈਂ ਨਾ ਸਿਰਫ ਤੁਹਾਡੇ ਵਿਚ ਆਈ ਹਾਂ ਬਲਕਿ ਸਿੱਧੇ ਤੁਹਾਡੇ ਨਾਲ ਰਾਬਤਾ ਕਰ ਕੇ ਤੁਹਾਨੂੰ ਮੁਸ਼ਕਿਲ ਜਾਣ ਸਕਾਂਗੀ।

ਉਹਨਾਂ ਕਿਹਾ ਕਿ ਮੈਂ ਹੈਰਾਨ ਹਾਂ ਕਿ ਇਹ ਹਲਕਾ ਜਿਸਦੀ ਪ੍ਰਤੀਨਿਧਤਾ ਪਿਛਲੀ ਸਰਕਾਰ ਵਿਚ ਮੰਤਰੀ ਰਾਜਾ ਵੜਿੰਗ ਕਰਦੇ ਰਹੇ, ਵਿਚ ਸੀਵਰੇਜ ਪ੍ਰਣਾਲੀ ਦਾ ਬੁਰਾ ਹਾਲ ਹੈ। ਲੋਕ ਸ਼ਿਕਾਇਤਾਂ ਕਰ ਰਹੇ ਹਨ ਕਿ ਅਨੇਕਾਂ ਥਾਵਾਂ ’ਤੇ ਸੀਵਰੇਜ ਅਤੇ ਪੀਣ ਵਾਲਾ ਪਾਣੀ ਆਪਸ ਵਿਚ ਰਲ ਜਾਂਦੇ ਹਨ ਜਿਸ ਕਾਰਣ ਬਿਮਾਰੀਆਂ ਫੈਲਦੀਆਂ ਹਨ।

ਬਠਿੰਡਾ ਦੇ ਐਮ ਪੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਹਲਕਾ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਵਿਰਾਸਤ ਨਾਲ ਜੁੜਿਆ ਹੋਇਆ ਹੈ। ਉਹਨਾਂ ਕਿਹਾ ਕਿ ਬਾਦਲ ਸਾਹਿਬ ਪੰਜ ਵਾਰ ਇਸ ਹਲਕੇ ਤੋਂ ਚੁਣੇ ਗਏ। ਇਸ ਹਲਕੇ ਨੇ ਉਹਨਾਂ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਉਣ ਵਿਚ ਅਹਿਮ ਭੂਮਿਕਾ ਅਦਾ ਕੀਤੀ। ਉਹਨਾਂ ਕਿਹਾ ਕਿ ਬਦਲੇ ਵਿਚ ਉਹਨਾਂ ਨੇ ਇਸ ਹਲਕੇ ਦਾ ਸੰਪੂਰਨ ਵਿਕਾਸ ਕੀਤਾ। ਉਹਨਾਂ ਕਿਹਾ ਕਿ ਮੰਦੇ ਭਾਗਾਂ ਨੂੰ ਪਿਛਲੇ ਸੱਤ ਸਾਲਾਂ ਵਿਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਰਾਜ ਵਿਚ ਇਸ ਹਲਕੇ ਦਾ ਬਹੁਤ ਮਾੜਾ ਹਾਲ ਹੋ ਗਿਆ।

ਸਰਦਾਰਨੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਕਾਂਗਰਸ ਤੇ ਆਪ ਦੋਵਾਂ ਨੂੰ ਸਬਕ ਸਿਖਾਇਆ ਜਾਵੇ। ਇਹਨਾਂ ਦੋਵਾਂ ਪਾਰਟੀਆਂ ਨੇ ਸੱਤਾ ਦੀ ਲਾਲਸਾ ਵਾਸਤੇ ਅਕਾਲੀ ਦਲ ਨੂੰ ਬਦਨਾਮ ਕੀਤਾ।

ਦੋਵੇਂ ਪਾਰਟੀਆਂ ਨੇ ਨਾ ਸਿਰਫ ਪੰਜਾਬ ਨੂੰ ਕੰਗਾਲ ਕੀਤਾ ਬਲਕਿ ਪੰਜਾਬ ਨੂੰ ਕਾਨੂੰਨਹੀਣਤਾ ਦੇ ਦੌਰ ਵਿਚ ਧੱਕਿਆ ਜਿਥੇ ਗੈਂਗਸਟਰ ਮਨਮਰਜ਼ੀ ਨਾਲ ਰਾਜ ਕਰ ਰਹੇ ਹਨ, ਨਸ਼ਿਆਂ ਦਾ ਪਸਾਰ ਬਹੁਤ ਜ਼ਿਆਦਾ ਵੱਧ ਗਿਆ ਹੈ। ਉਹਨਾਂ ਕਿਹਾ ਕਿ ਆਪ ਸਰਸਕਾਰ ਦੇ ਰਾਜ ਵਿਚ ਸਾਰੇ ਵਿਕਾਸ ਕਾਰਜ ਠੱਪ ਹੋ ਗਏ ਹਨ ਤੇ ਸਮਾਜ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ ਗਈਆਂ ਹਨ। ਸਰਕਾਰ ਨੇ ਹੁਣ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਵਾਸਤੇ 1150 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ ਤੇ ਪੰਜਾਬੀ ਬੁਰੀ ਤਰ੍ਹਾਂ ਫੇਲ੍ਹ ਹੋ ਗਏ ਹਨ।

ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਸਰਦਾਰ ਮਾਨ ਇਕ ਨਾਂ ਦੇ ਮੁੱਖ ਮੰਤਰੀ ਰਹਿ ਗਏ ਹਨ ਤੇ ਉਹਨਾਂ ਤੋਂ ਸਾਰੀਆਂ ਤਾਕਤਾਂ ਖੋਹ ਲਈਆਂ ਗਈਆਂ ਹਨ। ਉਹਨਾਂ ਕਿਹਾ ਕਿ ਸਰਕਾਰ ਦੇ ਅਸਲ ਮੁਖੀ ਅਰਵਿੰਦ ਕੇਜਰੀਵਾਲ ਹਨ ਜਿਹਨਾਂ ਨੇ ਪੰਜਾਬ ਵਿਚ ਮੁੱਖ ਮੰਤਰੀ ਦਫਤਰ ਆਪਣੇ ਕੰਟਰੋਲ ਹੇਠ ਲੈ ਲਿਆ ਹੈ ਤੇ ਮੁੱਖ ਮੰਤਰੀ ਵੱਲੋਂ ਨਿਯੁਕਤ ਸਾਰੇ ਅਫਸਰ ਬਦਲ ਦਿੱਤੇ ਹਨ। ਇਸ ਕਾਰਣ ਪ੍ਰਸ਼ਾਸਨ ਦਾ ਮਾੜਾ ਹਾਲ ਹੈ ਤੇ ਪੰਜਾਬੀਆਂ ਦਾ ਹੋਰ ਬੁਰਾ ਹਾਲ ਹੈ।

ਜਦੋਂ ਉਹਨਾਂ ਤੋਂ ਪੰਚਾਇਤ ਚੋਣਾਂ ਵਿਚ ਕੀਤੀ ਜਾ ਰਹੀ ਧੱਕੇਸ਼ਾਹੀ ਬਾਰੇ ਪੁੱਛਿਆ ਗਿਆ ਤਾਂ ਸਰਦਾਰਨੀ ਬਾਦਲ ਨੇ ਕਿਹਾ ਕਿ ਆਪ ਸਰਕਾਰ ਨੂੰ ਲੋਕਾਂ ਦਾ ਸਾਹਮਣਾ ਕਰਨ ਤੋਂ ਡਰ ਲੱਗਦਾ ਹੈ। ਇਸੇ ਲਈ ਸਰਕਾਰ ਨੇ ਪੰਚਾਇਤ ਚੋਣਾਂ ਵਿਚ ਵਿਰੋਧੀ ਧਿਰ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਦੀਆਂ ਹਦਾਇਤਾਂ ਅਫਸਰਾਂ ਨੂੰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਅਜਿਹੀ ਤਾਨਾਸ਼ਾਹੀ ਨਹੀਂ ਚਲੇਗੀ ਅਤੇ ਪੰਜਾਬੀ ਇਸਦਾ ਮੂੰਹ ਤੋੜ ਜਵਾਬ ਦੇਣਗੇ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ