Monday, October 7, 2024
spot_img
spot_img
spot_img
spot_img
spot_img

ਪ੍ਰਧਾਨ ਮੰਤਰੀ ਮੋਦੀ ਨਿੱਜੀ ਦਖ਼ਲ ਦੇ ਕੇ ਸ਼ਿਲਾਂਗ ਦਾ ਗੁਰਦੁਆਰਾ ਢਾਹੁਣ ਤੋਂ ਰੋਕਣ: ਗਲੋਬਲ ਸਿੱਖ ਕੌਂਸਲ

ਯੈੱਸ ਪੰਜਾਬ
ਚੰਡੀਗੜ੍ਹ, ਅਕਤੂਬਰ 7, 2024:

30 ਦੇਸ਼ਾਂ ਦੀਆਂ ਕੌਮੀ ਸਿੱਖ ਸੰਸਥਾਵਾਂ ਦੀ ਨੁਮਾਇੰਦਾ ਗਲੋਬਲ ਸਿੱਖ ਕੌਂਸਲ (ਜੀ.ਐਸ.ਸੀ.) ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮੇਘਾਲਿਆ ਸੂਬੇ ਦੀ ਰਾਜਧਾਨੀ ਸ਼ਿਲਾਂਗ ਵਿੱਚ ਇਤਿਹਾਸਕ ਗੁਰਦੁਆਰਾ ਗੁਰੂ ਨਾਨਕ ਦਰਬਾਰ ਨੂੰ ਢਾਹੁਣ ਤੋਂ ਰੋਕਣ ਲਈ ਤੁਰੰਤ ਨਿੱਜੀ ਦਖਲ ਦੇਣ ਦੀ ਅਪੀਲ ਕੀਤੀ ਹੈ।

ਕੌਂਸਲ ਨੇ ਜ਼ੋਰ ਦੇ ਕੇ ਕਿਹਾ ਕਿ 1874 ਵਿੱਚ ਸਥਾਪਿਤ ਇਹ ਗੁਰਦੁਆਰਾ ਸਿੱਖਾਂ ਲਈ ਡੂੰਘੀ ਧਾਰਮਿਕ ਅਤੇ ਇਤਿਹਾਸਕ ਮਹੱਤਤਾ ਰੱਖਦਾ ਹੈ ਅਤੇ ਰਾਜ ਸਰਕਾਰ ਦੀ ਗੈਰਮਾਨਵੀ ਸ਼ਹਿਰੀ ਵਿਕਾਸ ਯੋਜਨਾ ਕਾਰਨ ਇਹ ਅਸਥਾਨ ਖਤਰੇ ਵਿੱਚ ਹੈ।

ਪ੍ਰਧਾਨ ਮੰਤਰੀ ਨੂੰ ਲਿਖੇ ਇੱਕ ਪੱਤਰ ਵਿੱਚ ਜੀ.ਐਸ.ਸੀ. ਦੀ ਪ੍ਰਧਾਨ ਲੇਡੀ ਸਿੰਘ ਕੰਵਲਜੀਤ ਕੌਰ ਓਬੀਈ ਨੇ ਕਿਹਾ ਕਿ ਇਹ ਚਿੰਤਾਜਨਕ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਹਮਾਇਤ ਵਾਲੀ ਮੇਘਾਲਿਆ ਸਰਕਾਰ ਨੇ ਸ਼ਿਲਾਂਗ ਦੇ ਬੜਾ ਬਾਜ਼ਾਰ ਸਥਿਤ ਪੰਜਾਬੀ ਕਲੋਨੀ ਸਮੇਤ ਉਥੇ ਸਥਿਤ ਦੋ ਸਦੀਆਂ ਪੁਰਾਣੇ ਗੁਰਦੁਆਰਾ ਸਾਹਿਬ ਨੂੰ ਢਾਹੁਣ ਦਾ ਫੈਸਲਾ ਲਿਆ ਹੈ ਜਿੱਥੇ ਲਗਭਗ 340 ਪਰਿਵਾਰ ਵੱਸਦੇ ਹਨ।

ਪੰਜਾਬੀ ਲੇਨ (ਥੈਮ ਲਿਊ ਮਾਵਲੌਂਗ) ਵਿਚਲੇ ਇਸ ਗੁਰਦੁਆਰੇ ਸਮੇਤ ਇਲਾਕੇ ਦੇ ਹੋਰ ਧਾਰਮਿਕ ਸਥਾਨਾਂ ਉਪਰ ਵੀ ਸਰਕਾਰ ਦੇ ਅਖੌਤੀ ਸੁੰਦਰੀਕਰਨ ਪ੍ਰੋਜੈਕਟ ਦੇ ਹਿੱਸੇ ਵਜੋਂ ਢਾਹੇ ਜਾਣ ਦਾ ਖ਼ਤਰਾ ਮੰਡਰਾ ਰਿਹਾ ਹੈ।

ਉਨਾਂ ਦੱਸਿਆ ਕਿ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਿਰਫ ਇੱਕ ਧਾਰਮਿਕ ਅਸਥਾਨ ਹੀ ਨਹੀਂ ਬਲਕਿ ਇਲਾਕੇ ਵਿੱਚ ਇੱਕ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਦਾ ਸਮਾਰਕ ਵੀ ਹੈ, ਜੋ ਕਿ ਸਿੱਖਾਂ ਅਤੇ ਇਲਾਕੇ ਦੇ ਭਾਈਚਾਰੇ ਦਰਮਿਆਨ ਪੁਰਾਣੇ ਰਿਸ਼ਤਿਆਂ ਦਾ ਪ੍ਰਤੀਕ ਹੈ।

ਗੁਰੂ ਨਾਨਕ ਦੇਵ ਜੀ ਦੀ ਪੂਰਬ ਦੀ ਯਾਤਰਾ ਦੀ ਯਾਦ ਵਿੱਚ ਉਸਾਰਿਆ ਗਿਆ ਇਹ ਗੁਰਦੁਆਰਾ, ਸ਼ਾਂਤੀ, ਬਰਾਬਰੀ ਅਤੇ ਵਿਸ਼ਵ-ਵਿਆਪੀ ਭਾਈਚਾਰੇ ਦੇ ਸਦੀਵੀ ਸੰਦੇਸ਼ ਦਾ ਪ੍ਰਮਾਣ ਵੀ ਹੈ, ਜਿਸਦਾ ਗੁਰੂ ਨਾਨਕ ਦੇਵ ਜੀ ਨੇ ਦੁਨੀਆ ਵਿੱਚ ਪ੍ਰਚਾਰ ਕੀਤਾ ਸੀ। ਉਨਾਂ ਕਿਹਾ ਕਿ ਇਸ ਗੁਰਦਵਾਰੇ ਦੇ ਢਾਹੇ ਜਾਣ ਨਾਲ ਸਿੱਖ ਕੌਮ ਦੀ ਧਾਰਮਿਕ ਤੇ ਸੱਭਿਆਚਾਰਕ ਪਛਾਣ ਨੂੰ ਵੱਡਾ ਧੱਕਾ ਲੱਗੇਗਾ।

ਜੀ.ਐਸ.ਸੀ. ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਵੱਲੋਂ ਸਮੇਂ ਸਿਰ ਇਸ ਮੁੱਦੇ ਨੂੰ ਮੇਘਾਲਿਆ ਸਰਕਾਰ ਕੋਲ ਉਠਾਉਣ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਘੱਟ ਗਿਣਤੀ ਕੌਮੀ ਕਮਿਸ਼ਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐਸ.ਜੀ.ਐਮ.ਸੀ.) ਨੂੰ ਕਿਹਾ ਹੈ ਕਿ ਉਹ ਤੁਰੰਤ ਭਾਜਪਾ ਦੀ ਅਗਵਾਈ ਵਾਲੀ ਕੌਮੀ ਜਮਹੂਰੀ ਗਠਜੋੜ ਐਨਡੀਏ ਸਰਕਾਰ ਨਾਲ ਆਪਣੇ ਪ੍ਰਭਾਵ ਅਤੇ ਸਬੰਧਾਂ ਦੀ ਵਰਤੋਂ ਕਰਕੇ ਬਿਨਾਂ ਦੇਰੀ ਕੀਤੇ ਇਸ ਸਿੱਖ ਅਸਥਾਨ ਨੂੰ ਢਾਹੁਣ ਤੋਂ ਰੁਕਵਾਉਣ।

ਇਸ ਤੋਂ ਇਲਾਵਾ, ਜੀ.ਐਸ.ਸੀ. ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਗੁਰਦੁਆਰੇ ਨੂੰ ਸੁਰੱਖਿਅਤ ਰੱਖਣ ਲਈ ਦਬਾਅ ਪਾਉਣ ਅਤੇ ਮੌਜੂਦਾ ਸਥਿਤੀ ਦਾ ਪਤਾ ਲਗਾਉਣ ਅਤੇ ਮੇਘਾਲਿਆ ਦੇ ਸਿੱਖਾਂ ਦਾ ਸਮਰਥਨ ਕਰਨ ਲਈ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦਾ ਇੱਕ ਵਫ਼ਦ ਸ਼ਿਲਾਂਗ ਭੇਜਣ।

ਇਸ ਤੋਂ ਇਲਾਵਾ ਜੀ.ਐਸ.ਸੀ. ਨੇ ਭਾਰਤੀ ਪੁਰਾਤੱਤਵ ਸਰਵੇ (ਏ.ਐਸ.ਆਈ.) ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪੂਰਬੀ ਰਾਜ ਵਿੱਚ ਇਤਿਹਾਸਕ ਤੌਰ ‘ਤੇ ਮਹੱਤਵਪੂਰਨ ਇਸ ਅਸਥਾਨ ਦੀ ਸੁਰੱਖਿਆ ਲਈ ਤੇਜ਼ੀ ਨਾਲ ਕਾਰਵਾਈ ਕਰੇ।

ਉਨ੍ਹਾਂ ਕਿਹਾ ਕਿ ਗੁਰਦੁਆਰਾ ਗੁਰੂ ਨਾਨਕ ਦਰਬਾਰ, ਇੱਕ ਸਦੀ ਤੋਂ ਵੱਧ ਸਮੇਂ ਤੋਂ ਮੌਜੂਦ ਹੈ ਤੇ ਇਹ ਇੱਕ ਵਿਰਾਸਤੀ ਅਸਥਾਨ ਵਜੋਂ ਕਾਬਲੀਅਤ ਰੱਖਦਾ ਹੈ ਜਿਸ ਕਰਕੇ ਇਸਨੂੰ ਭਾਰਤ ਦੀ ਸੱਭਿਆਚਾਰਕ ਅਤੇ ਧਾਰਮਿਕ ਸਮਾਰਕਾਂ ਦੀ ਅਮੀਰ ਵਿਰਾਸਤ ਦੇ ਅਧੀਨ ਸੁਰੱਖਿਅਤ ਕਰਾਰ ਦਿੱਤਾ ਜਾਣਾ ਚਾਹੀਦਾ ਹੈ।

ਕੰਵਲਜੀਤ ਕੌਰ ਨੇ ਦੱਸਿਆ ਕਿ ਪੰਜਾਬੀ ਲੇਨ ਦੇ ਸਿੱਖ ਵਸਨੀਕਾਂ ਕੋਲ 1863 ਤੋਂ ਪਹਿਲਾਂ ਦੇ ਇਸ ਜ਼ਮੀਨ ਦੀ ਮਲਕੀਅਤ ਬਾਰੇ ਕਾਗਜਾਤ ਹਨ ਜਿੱ ਕਰਕੇ ਉਨ੍ਹਾਂ ਦੇ ਕਾਨੂੰਨੀ ਦਾਅਵਿਆਂ ਨੂੰ ਪ੍ਰਵਾਨ ਕੀਤਾ ਜਾਣਾ ਚਾਹੀਦਾ ਹੈ, ਜੋ ਕਿ ਜ਼ਮੀਨ ਅਤੇ ਗੁਰਦੁਆਰੇ ਦੋਵਾਂ ‘ਤੇ ਉਨ੍ਹਾਂ ਦੇ ਅਧਿਕਾਰ ਦੀ ਪੁਸ਼ਟੀ ਕਰਦੇ ਹਨ।

ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਗੁਰਦੁਆਰੇ ਨੂੰ ਢਾਹੁਣ ਦੀ ਇਜਾਜ਼ਤ ਦੇਣਾ ਸਿੱਖ ਵਿਰਾਸਤ ਦੇ ਇੱਕ ਥੰਮ੍ਹ ਨੂੰ ਮਿਟਾਉਣ ਦੀ ਇਜਾਜ਼ਤ ਦੇਣਾ ਹੈ। ਇਹ ਨਾ ਸਿਰਫ਼ ਸਿੱਖ ਕੌਮ ਦਾ ਸਗੋਂ ਭਾਰਤ ਦੇ ਵਿਭਿੰਨ ਸੱਭਿਆਚਾਰਕ ਅਤੇ ਧਾਰਮਿਕ ਦ੍ਰਿਸ਼ਟੀਕੋਣ ਦਾ ਵੀ ਨੁਕਸਾਨ ਹੈ। ਉਨ੍ਹਾਂ ਸਾਰੀਆਂ ਜ਼ਿੰਮੇਵਾਰ ਧਿਰਾਂ ਨੂੰ ਸੱਦਾ ਦਿੱਤਾ ਹੈ ਕਿ ਇਸ ਅਸਲ ਮੁੱਦੇ ਨੂੰ ਉੱਥੋਂ ਦੇ ਅਧਿਕਾਰੀਆਂ ਕੋਲ ਉਠਾਉਣ ਲਈ ਇੱਕਜੁੱਟ ਹੋਣ।

ਕੌਂਸਲ ਨੇ ਸਾਰੇ ਧਰਮਾਂ ਲਈ ਪੂਜਾ ਸਥਾਨਾਂ ਦੀ ਸੰਭਾਲ ਅਤੇ ਰੱਖ-ਰਖਾਅ  ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਧਾਰਮਿਕ ਸਹਿਣਸ਼ੀਲਤਾ, ਆਪਸੀ ਸਦਭਾਵਨਾ ਅਤੇ ਪਵਿੱਤਰ ਅਸਥਾਨਾਂ ਦੀ ਸੁਰੱਖਿਆ ਭਾਰਤ ਦੇ ਬੁਨਿਆਦੀ, ਨੈਤਿਕ ਅਤੇ ਅਧਿਆਤਮਿਕ ਤਾਣੇ-ਬਾਣੇ ਲਈ ਬੇਹੱਦ ਜ਼ਰੂਰੀ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ